ਸੂਰਜਮੁਖੀ ਬੀਜ ਘਪਲੇ ਦਾ ਮੁੱਖ ਮੁਲਜ਼ਮ 'ਆਪ' ਵੱਲੋਂ ਕੋਆਰਡੀਨੇਟਰ ਨਿਯੁਕਤ
ਪਟਿਆਲਾ : ਰਾਜਪੁਰਾ ਦੇ ਸੂਰਜਮੁਖੀ ਬੀਜ ਘਪਲੇ ਦੇ ਮੁੱਖ ਮੁਲਜ਼ਮ ਨੂੰ ਆਮ ਆਦਮੀ ਪਾਰਟੀ ਦੀ ਵਿਧਾਇਕ ਨੀਨਾ ਮਿੱਤਲ ਨੇ ਟਾਊਨ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਬੀਤੇ ਦਿਨੀਂ ਇਕ ਸਮਾਰੋਹ ਦੌਰਾਨ ਸ਼ਾਮ ਸੁੰਦਰ ਵਧਵਾ ਜੋ ਕਿ ਬੀਜ ਘਪਲੇ ਦੇ ਮੁੱਖ ਮੁਲਜ਼ਮ ਹੈ ਨੂੰ ਰਾਜਪੁਰਾ ਟਾਊਨ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਨੀਨਾ ਮਿੱਤਲ ਦੇ ਪਤੀ ਅਜੈ ਮਿੱਤਲ ਤੇ ਹੋਰ ਆਗੂ ਵੀ ਮੌਜੂਦ ਸਨ।
ਇਸ ਸਬੰਧੀ ਨੀਨਾ ਮਿੱਤਲ ਨੇ ਆਪਣੇ ਫੇਸਬੁੱਕ ਪੇਜ ਉਤੇ ਸ਼ਾਮ ਸੁੰਦਰ ਵਧਵਾ ਦਾ ਸਨਮਾਨ ਵੀ ਕੀਤਾ ਅਤੇ ਉਨ੍ਹਾਂ ਪ੍ਰਤੀ ਸੋਹਲੇ ਵੀ ਗਾਏ। ਦੱਸ ਦੇਈਏ ਕਿ ਬੀਤੇ ਕਈ ਮਹੀਨਿਆਂ ਤੋਂ ਰਾਜਪੁਰਾ ਦੇ ਫੁਹਾਰਾ ਚੌਕ ਵਿਚ ਧਰਨਾ ਲਾ ਕੇ ਕਿਸਾਨ ਆਗੂ ਸ਼ਾਮ ਸੁੰਦਰ ਵਧਵਾ ਖਿਲਾਫ਼ ਕਾਰਵਾਈ ਅਤੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਡਾ. ਦਲਜੀਤ ਸਿੰਘ ਚੀਮਾ ਖ਼ਿਲਾਫ਼ ਚਲ ਰਹੇ ਕੇਸ ’ਤੇ ਲਗਾਈ ਰੋਕ
ਪਟਿਆਲਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਵੱਲੋਂ ਸੂਰਜਮੁਖੀ ਬੀਜ ਘਪਲੇ ਦੇ ਮੁੱਖ ਮੁਲਜ਼ਮ ਸ਼ਾਮ ਸੁੰਦਰ ਵਧਵਾ ਨੂੰ ਰਾਜਪੁਰਾ ਟਾਊਨ ਦਾ ਕੋਆਰਡੀਨੇਟਰ ਨਿਯੁਕਤ ਕੀਤੇ ਜਾਣ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਪਟਿਆਲਾ ਵਿਖੇ ਦਿੱਤੇ ਬਿਆਨ ਦੌਰਾਨ ਡਾ. ਗਾਂਧੀ ਨੇ ਕਿਹਾ ਕਿ ਕੱਟੜ ਈਮਾਨਦਾਰ ਸਰਕਾਰ ਦਾ ਬੀਤੇ 7 ਮਹੀਨਿਆਂ ਦੌਰਾਨ ਚਿਹਰਾ ਨੰਗਾ ਹੋ ਗਿਆ ਹੈ। ਡਾ. ਗਾਂਧੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਹੀ ਵਿਧਾਇਕ ਮੰਤਰੀ ਤੋਂ ਅਸਤੀਫ਼ਾ ਲੈ ਕੇ ਉਸ ਨੂੰ ਜੇਲ੍ਹ ਭੇਜਿਆ ਜਦਕਿ ਦੂਜਾ ਮੰਤਰੀ ਫੌਜਾ ਸਿੰਘ ਸਰਾਰੀ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਸਾਬਤ ਹੁੰਦਾ ਹੈ ਕਿ ਕੱਟੜ ਇਮਾਨਦਾਰ ਸਰਕਾਰ ਕਿਸ ਤਰੀਕੇ ਨਾਲ ਆਪਣੇ ਕਰੀਬੀਆਂ ਦੇ ਗੁਨਾਹਾਂ ਉਤੇ ਪਰਦਾ ਪਾ ਰਹੀ ਹੈ। ਡਾ. ਗਾਂਧੀ ਨੇ ਭਗਵੰਤ ਸਿੰਘ ਮਾਨ ਦੇ ਗੁਜਰਾਤ ਦੌਰੇ ਉੱਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਦਿੱਲੀ ਦਾ ਝੂਠਾ ਮਾਡਲ ਦਿਖਾ ਕੇ ਬੇਵਕੂਫ ਬਣਾਇਆ। ਹੁਣ ਕੇਜਰੀਵਾਲ ਨਾਲ ਮਿਲ ਕੇ ਗੁਜਰਾਤ ਤੇ ਹਿਮਾਚਲ ਵਿਚ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਰਿਪੋਰਟ-ਗਗਨਦੀਪ ਆਹੂਜਾ