CM ਮਾਨ ਤੇ ਬਿੱਟੂ ਦਾ ਤੰਜ; ਕਿਹਾ- ਭੰਡ ਤੇ ਮਰਾਸੀਆਂ ਨਾਲ ਕਦੇ ਗਠਜੋੜ ਨਹੀਂ ਹੁੰਦੇ

ਪੀਟੀਸੀ ਡੈਸਕ ਨਿਊਜ਼: ਪੰਜਾਬ 'ਚ ਇੰਡੀਆ (INDIA Alliance) ਗਠਜੋੜ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ (mp-ravneet-singh-bittu) ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਕਦੇ ਵੀ ਕਾਂਗਰਸ (Congress) ਦੇ ਆਮ ਆਦਮੀ ਪਾਰਟੀ (Congress) ਵਿਚਕਾਰ ਸਮਝੌਤਾ ਨਹੀਂ ਹੋ ਸਕਦਾ। ਉਹ ਇਥੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ। ਇਸ ਮੌਕੇ ਉਨ੍ਹਾਂ ਨੇ ਇਥੇ ਸੇਵਾ ਕੀਤੀ ਅਤੇ 1984 ਦੀ ਗੈਲਰੀ ਵਿੱਚ ਬੈਠ ਕੇ ਕੀਰਤਨ ਵੀ ਸੁਣਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੈਂਬਰ ਪਾਰਲੀਮੈਂਟ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Mann) 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਗਠਜੋੜ ਨੂੰ ਲੈ ਕੇ ਕਿਹਾ ਕਿ ਭੰਡ- ਮਰਾਸੀਆਂ ਨਾਲ ਕਦੇ ਗਠਜੋੜ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਵੀ ਸੱਚ ਵਿਖਾਉਂਦਾ ਹੈ ਉਸ ਨੂੰ ਇਹ ਖੁਦ ਜੇਲ੍ਹ ਭੇਜ ਦਿੰਦੇ ਹਨ, ਜਦਕਿ ਖੁਦ ਇਨ੍ਹਾਂ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਈਡੀ ਵੱਲੋਂ ਵਾਰ-ਵਾਰ ਤਲਬ ਕਰਨ 'ਤੇ ਵੀ ਪੁੱਛਗਿੱਛ ਲਈ ਪੇਸ਼ ਨਹੀਂ ਹੁੰਦਾ।
'ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਫਾਇਦਾ'
ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤੰਜ ਕੱਸਿਆ ਕਿ ਇਨ੍ਹਾਂ ਦੀ ਪੰਜਾਬ ਵਿੱਚ ਸਰਕਾਰ ਬਣਨ ਦਾ ਇੱਕ ਫਾਇਦਾ ਜ਼ਰੂਰ ਹੋਇਆ ਹੈ, ਕਿ ਇਨ੍ਹਾਂ ਦੇ ਸਾਰੇ ਛੜਿਆਂ ਦੇ ਵਿਆਹ ਹੋ ਗਏ ਹਨ ਅਤੇ ਹੁਣ ਅੱਗੇ ਲੋਹੜੀਆਂ ਮਨਾਉਣਗੇ, ਬੱਸ ਫਿਰ ਇਹ ਖ਼ਤਮ ਹੋ ਜਾਣਗੇ।
ਬਿੱਟੂ ਨੇ ਕਿਹਾ ਕਿ ਇਹ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣਗੇ, ਪਰ ਇਨ੍ਹਾਂ ਨੂੰ ਲੋਕਾਂ ਨੇ ਹਲਕਿਆਂ ਵਿੱਚ ਵੀ ਨਹੀਂ ਵੜਨ ਦੇਣਾ। ਔਰਤਾਂ ਨਾਲ ਕੀਤਾ 1000 ਰੁਪਏ ਦਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਹੁਣ ਉਹ ਹਿਸਾਬ ਵੀ ਮੰਗਣਗੀਆਂ, ਪਰ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਜਿਵੇਂ ਇਹ ਪੰਜਾਬ ਵਿਧਾਨ ਸਭਾ ਵਿੱਚ ਰੌਲਾ ਪਾਉਂਦੇ ਹਨ ਅਤੇ ਉਲੰਘਣਾ ਕਰਦੇ ਹਨ, ਪਹਿਲਾਂ ਕਦੇ ਅਜਿਹੀ ਸਰਕਾਰ ਨਹੀਂ ਵੇਖੀ।