ਸਕੂਲ ਸਾਹਮਣੇ ਬੱਚਾ ਥਾਰ ਨਾਲ ਟਕਰਾਇਆ, ਦਰਦਨਾਕ ਵੀਡੀਓ ਆਈ ਸਾਹਮਣੇ
ਲੁਧਿਆਣਾ : ਲੁਧਿਆਣਾ ਦੇ ਸਰਾਭਾ ਨਗਰ ਵਿਚ ਸਥਿਤ ਇਕ ਸਕੂਲ ਅੱਗੇ ਦਰਦਨਾਕ ਹਾਦਸਾ ਵਾਪਰ ਗਿਆ। ਇਕ ਬੱਚਾ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਛੁੱਟੀ ਹੋਣ ਵੇਲੇ ਮਾਪੇ ਬੱਚਿਆਂ ਨੂੰ ਸਕੂਲੋਂ ਲੈਣ ਆਏ ਹੋਏ ਹਨ।
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਨੇ ਪੰਜਵੀਂ ਜਮਾਤ ਦੇ ਵਿਦਿਆਰਥੀ ਨੂੰ ਕੁਚਲ ਦਿੱਤਾ। ਜ਼ਖ਼ਮੀ ਬੱਚੇ ਨੂੰ ਤੁਰੰਤ ਡੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ 2 ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਇਹ ਘਟਨਾ ਸਰਾਭਾ ਨਗਰ ਦੇ ਇਕ ਨਿੱਜੀ ਸਕੂਲ ਦੇ ਬਾਹਰ ਵਾਪਰੀ। ਤੇਜ਼ ਰਫਤਾਰ ਥਾਰ ਔਰਤ ਚਲਾ ਰਹੀ ਸੀ। ਬੱਚਾ ਸੜਕ ਪਾਰ ਕਰ ਰਿਹਾ ਸੀ, ਇਸ ਵਿਚਕਾਰ ਇਹ ਹਾਦਸਾ ਵਾਪਰ ਗਿਆ।
ਜ਼ਖਮੀ ਬੱਚੇ ਦਾ ਨਾਂ ਸ਼੍ਰੀਸ਼ ਜੈਨ ਹੈ, ਜੋ ਕਿ ਕਿਚਲੂ ਨਗਰ ਦਾ ਰਹਿਣ ਵਾਲਾ ਹੈ। ਬੱਚੇ ਦੇ ਪਿਤਾ ਮੋਹਿਤ ਜੈਨ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਰਾਭਾ ਨਗਰ ਦੇ ਇਕ ਪ੍ਰਾਈਵੇਟ ਸਕੂਲ ਵਿੱਚ 5ਵੀਂ ਜਮਾਤ ਵਿੱਚ ਪੜ੍ਹਦਾ ਹੈ। ਸਕੂਲ ਵਿੱਚ ਇਮਤਿਹਾਨ ਚੱਲ ਰਿਹਾ ਸੀ। ਛੁੱਟੀ ਤੋਂ ਬਾਅਦ ਉਸਦਾ ਪੁੱਤਰ ਹੈਪੀ ਫੋਰਜੀਰਾ ਪਾਰਕ ਤੋਂ ਸੜਕ ਪਾਰ ਕਰ ਰਿਹਾ ਸੀ। ਇਸੇ ਦੌਰਾਨ ਕਾਲੇ ਰੰਗ ਦੇ ਥਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਥਾਰ ਦੀ ਟੱਕਰ ਤੋਂ ਬਾਅਦ ਵਿਦਿਆਰਥੀ ਕਈ ਫੁੱਟ ਦੂਰ ਡਿੱਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਫਿਰੌਤੀ ਲੈਣ ਆਏ ਗੈਂਗਸਟਰਾਂ ਦੀ ਪੁਲਿਸ ਨਾਲ ਹੋਈ ਝੜਪ, ਇੱਕ ਗੈਂਗਸਟਰ ਪੁਲਿਸ ਅੜਿੱਕੇ