ਵਿਦਿਆਰਥੀਆਂ ਦਾ ਅਨੋਖਾ ਪ੍ਰਦਰਸ਼ਨ, ਲਾਇਬ੍ਰੇਰੀ ਤੇ ਮੈਸ 'ਚ ਸੌਂ ਗਏ ਵਿਦਿਆਰਥੀ, ਜਾਣੋ ਕਾਰਨ

IIM ਅੰਮ੍ਰਿਤਸਰ ਦੇ ਹੋਸਟਲਾਂ 'ਚ ਰਹਿਣ ਵਾਲੇ ਵਿਦਿਆਰਥੀਆਂ ਨੇ ਹੋਸਟਲ ਵਿੱਚ ਈਸੀ ਨਾ ਹੋਣ ਕਾਰਨ ਵੱਖਰੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਵਿਦਿਆਰਥੀ ਮੈਸ ਕਮ ਕੰਟੀਨ ਤੇ ਲਾਇਬ੍ਰੇਰੀ ਵਿੱਚ ਸੌਂ ਗਏ। ਪੜ੍ਹੋ ਪੂਰੀ ਖਬਰ...

By  Dhalwinder Sandhu June 16th 2024 03:23 PM

ਅੰਮ੍ਰਿਤਸਰ:  ਪੂਰੇ ਉੱਤਰ ਭਾਰਤ 'ਚ ਗਰਮੀ ਦਾ ਕਹਿਰ ਜਾਰੀ ਹੈ ਤੇ ਪੰਜਾਬ ਵਿੱਚ ਪਾਰਾ 45 ਡਿਗਰੀ ਤੋਂ ਪਾਰ ਹੋ ਗਿਆ ਹੈ, ਜਿਸ ਕਾਰਨ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਇਸ ਭਿਆਨਕ ਗਰਮੀ ਵਿੱਚ  IIM ਅੰਮ੍ਰਿਤਸਰ ਦੇ ਹੋਸਟਲਾਂ 'ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਏਅਰ ਕੰਡੀਸ਼ਨਰ (ਏ.ਸੀ.) ਦੀ ਸਹੂਲਤ ਨਹੀਂ ਮਿਲ ਰਹੀ ਹੈ। ਅਜਿਹੇ 'ਚ ਵਿਦਿਆਰਥੀਆਂ ਨੇ ਮੈਨੇਜਮੈਂਟ ਦਾ ਧਿਆਨ ਖਿੱਚਣ ਲਈ ਵੱਖਰੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ।

ਲਾਇਬ੍ਰੇਰੀ ਤੇ ਮੈਸ ਵਿੱਚ ਸੁੱਤੇ ਵਿਦਿਆਰਥੀ

ਵਿਦਿਆਰਥੀ ਆਪਣਾ ਰੋਸ ਜਤਾਉਦੇ ਹੋਏ ਹੋਸਟਲ ਦੀ ਮੈਸ ਕਮ ਕੰਟੀਨ ਤੇ ਲਾਇਬ੍ਰੇਰੀ ਵਿੱਚ ਸੌਂ ਗਏ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਹੈ। ਆਈਆਈਐਮ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੈੱਸ ਅਤੇ ਕੰਟੀਨ ਵਿੱਚ ਏਸੀ ਦੀ ਸਹੂਲਤ ਹੈ, ਪਰ ਹੋਸਟਲ ਵਿੱਚ ਇਹ ਸਹੂਲਤ ਨਹੀਂ ਹੈ। ਹੋਸਟਲ ਵਿੱਚ ਕੂਲਰ ਨਹੀਂ ਹਨ। ਗਰਮੀ ਬਹੁਤ ਜ਼ਿਆਦਾ ਹੋ ਗਈ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੰਬੇ ਸਮੇਂ ਤੋਂ ਉਠਾ ਰਹੇ ਹਨ, ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ, ਜਿਸ ਕਾਰਨ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ।

ਮੈਨੇਜਮੈਂਟ ਦਾ ਬਿਆਨ

ਹਾਲਾਂਕਿ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਸਥਾ ਪ੍ਰਸ਼ਾਸਨ ਨੇ ਕਿਹਾ ਕਿ ਵਿਦਿਆਰਥੀਆਂ ਦੀ ਤਰਫੋਂ ਸ਼ਿਕਾਇਤ ਕੀਤੀ ਗਈ ਹੈ, ਪਰ ਉਹਨਾਂ ਨੇ ਹੋਸਟਲ ਕਿਰਾਏ ਉੱਤੇ ਲਿਆ ਹੋਇਆ ਹੈ ਤੇ ਹੋਸਟਲ ਦੀ ਬਿਜਲੀ ਲਾਈਨ ਹੈਵੀ ਵੋਲਟੇਜ ਝੱਲਣ ਦੇ ਸਮਰੱਥ ਨਹੀਂ ਹੈ। ਜਲਦੀ ਹੀ ਏਅਰ ਕੂਲਰ ਲਗਾਏ ਜਾਣਗੇ। ਇਹ ਸਾਰੀ ਪ੍ਰਕਿਰਿਆ ਤਿੰਨ ਹਫ਼ਤਿਆਂ ਵਿੱਚ ਪੂਰੀ ਹੋ ਜਾਵੇਗੀ।

ਇਹ ਵੀ ਪੜ੍ਹੋ: 72 ਸਾਲ ਦੇ ਬਜ਼ੁਰਗ ਨੇ 12 ਸਾਲ ਦੀ ਨਾਬਾਲਿਗ ਨਾਲ ਵਿਆਹ ਕਰਵਾਉਣ ਦੀ ਕੀਤੀ ਕੋਸ਼ਿਸ਼, ਜਾਣੋ ਮਾਮਲਾ

Related Post