ਗੁਰਦਾਸਪੁਰ ਦੇ ਨੌਜਵਾਨ ਨੇ ਐਮਪੀ ਸੰਨੀ ਦਿਓਲ ਦੀ ਤਨਖਾਹ ਤੇ ਭੱਤੇ ਬੰਦ ਕਰਨ ਲਈ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ
ਗੁਰਦਾਸਪੁਰ : ਬਾਲੀਵੁੱਡ ਦੇ ਮਸ਼ਹੂਰ ਹੀਰੋ ਸੰਨੀ ਦਿਓਲ ਜਦੋਂ ਆਪਣਾ ਸਿਆਸੀ ਭਵਿੱਖ ਦੀ ਸ਼ੁਰੂਆਤ ਕਰਦਿਆਂ 2019 ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉੱਤਰੇ ਸਨ ਤਾਂ ਲੋਕਾਂ ਨੇ ਉਨ੍ਹਾਂ ਵਿਚ ਅਸਲੀ ਹੀਰੋ ਦੇਖਿਆ ਸੀ। ਲੋਕਾਂ ਨੇ ਉਮੀਦ ਜਤਾਈ ਸੀ ਕਿ ਵਿਨੋਦ ਖੰਨਾ ਦੀ ਤਰ੍ਹਾਂ ਉਹ ਵੀ ਹਲਕੇ ਦੇ ਵਿਕਾਸ ਲਈ ਕੁਝ ਵੱਖਰਾ ਕਰ ਕੇ ਦਿਖਾਉਣਗੇ। ਸੰਨੀ ਦਿਓਲ ਨੇ ਵੀ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ।
ਇਸੇ ਕਾਰਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵੋਟਰਾਂ ਨੇ ਉਨ੍ਹਾਂ ਨੂੰ 84 ਹਜ਼ਾਰ ਦੀ ਭਾਰੀ ਲੀਡ ਨਾਲ ਜਿਤਾਇਆ ਸੀ ਪਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨਾ ਤਾਂ ਦੂਰ ਸੰਨੀ ਦਿਓਲ ਨੇ ਹਲਕੇ ਦੇ ਲੋਕਾਂ ਨੂੰ ਆਪਣੀ ਸ਼ਕਲ ਤੱਕ ਦਿਖਾਉਣਾ ਜ਼ਰੂਰੀ ਨਹੀਂ ਸਮਝਿਆ। ਲਗਭਗ 4 ਸਾਲਾਂ ਤੋਂ ਹਲਕੇ 'ਚ ਆਏ ਤੱਕ ਨਹੀਂ ਤੇ ਲੋਕ ਸਭਾ ਦੇ ਸੈਸ਼ਨ 'ਚ ਵੀ ਹਾਜ਼ਰ ਦਿਖਾਈ ਨਹੀਂ ਦਿੱਤੇ ਜਦਕਿ ਲੋਕਾਂ ਨੂੰ ਉਮੀਦ ਸੀ ਕਿ ਉਹ ਹਲਕੇ ਦੀਆਂ ਸਮੱਸਿਆਵਾਂ ਸੈਸ਼ਨ 'ਚ ਚੁੱਕਣਗੇ। ਸੰਨੀ ਦਿਓਲ ਦੇ ਅਜਿਹੇ ਰਵੱਈਏ ਕਾਰਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ 'ਚ ਉਨ੍ਹਾਂ ਪ੍ਰਤੀ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਗੁਰਦਾਸਪੁਰ ਦੇ ਇਕ ਨੌਜਵਾਨ ਅਮਰਜੋਤ ਸਿੰਘ ਨੇ ਸੰਨੀ ਦਿਓਲ ਖ਼ਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ।
ਇਸ ਨੌਜਵਾਨ ਨੇ ਪਹਿਲਾਂ ਗੁਰਦਾਸਪੁਰ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾ ਸੰਨੀ ਦਿਓਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਇਸ ਨੌਜਵਾਨ ਨੇ ਐਮਪੀ ਸੰਨੀ ਦਿਓਲ ਕੋਲੋਂ ਉਨ੍ਹਾਂ ਦੇ ਸਰਕਾਰੀ ਨਿਵਾਸ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਵਾਪਸ ਲੈਣ ਦੇ ਨਾਲ-ਨਾਲ ਉਨ੍ਹਾਂ ਨੂੰ ਮਿਲਦੀ ਤਨਖਾਹ ਅਤੇ ਸਰਕਾਰੀ ਭੱਤੇ ਬੰਦ ਕਰਨ ਦੀ ਮੰਗ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ ਹੈ।
ਆਪਣੇ ਪੱਤਰ ਵਿਚ ਗੁਰਦਾਸਪੁਰ ਦੇ ਮੁਹੱਲਾ ਸੰਤ ਨਗਰ ਨਿਵਾਸੀ ਅਮਰਜੋਤ ਸਿੰਘ ਨੇ ਲਿਖਿਆ ਹੈ ਕਿ ਸੰਨੀ ਦਿਓਲ ਕਰੀਬ ਚਾਰ ਸਾਲ ਤੋਂ ਆਪਣੇ ਲੋਕ ਸਭਾ ਹਲਕੇ ਤੋਂ ਗੈਰ ਹਾਜ਼ਰ ਰਹੇ ਹਨ ਜਦਕਿ ਗੁਰਦਾਸਪੁਰ ਦੇ ਲੋਕਾਂ ਨੇ ਉਨ੍ਹਾਂ ਨੂੰ ਬੜੀਆਂ ਉਮੀਦਾਂ ਨਾਲ ਚੁਣਿਆ ਸੀ। ਉਹ ਗੁਰਦਾਸਪੁਰ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਅਸਫਲ ਰਹੇ ਹਨ। ਇਸ ਲਈ ਐਸੇ ਗੈਰ ਜ਼ਿੰਮੇਦਾਰਾਨਾ ਲੋਕ ਸਭਾ ਮੈਂਬਰ ਨੂੰ ਨਾ ਹੀ ਅਹੁਦੇ ਉਤੇ ਬਣੇ ਰਹਿਣ ਦਾ ਹੱਕ ਹੈ ਅਤੇ ਨਾ ਹੀ ਸਰਕਾਰੀ ਤਨਖਾਹ ਅਤੇ ਹੋਰ ਭੱਤੇ ਅਤੇ ਨਾਲ ਹੀ ਸਰਕਾਰੀ ਸਹੂਲਤਾ ਲੈਣ ਦਾ ਕੋਈ ਹੱਕ ਹੈ।
ਇਹ ਵੀ ਪੜ੍ਹੋ : ਪੁਲਵਾਮਾ ਹਮਲੇ ਦੀ ਚੌਥੀ ਬਰਸੀ ਅੱਜ, ਸ਼ਹੀਦ ਹੋਏ 40 ਜਵਾਨਾਂ ਨੂੰ ਲੈਥਪੋਰਾ 'ਚ ਦਿੱਤੀ ਜਾਵੇਗੀ ਸ਼ਰਧਾਂਜਲੀ
ਇਸ ਲਈ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਦੇ ਹੋਏ ਉਨ੍ਹਾਂ ਦੀ ਤਨਖਾਹ ਤੇ ਭੱਤੇ ਬੰਦ ਕੀਤੇ ਜਾਣ ਅਤੇ ਉਨ੍ਹਾਂ ਤੋਂ ਸਰਕਾਰੀ ਸਹੂਲਤਾਂ ਵਾਪਸ ਲਈਆਂ ਜਾਣ। ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਇਸ ਨੌਜਵਾਨ ਨੇ ਸੰਨੀ ਦਿਓਲ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਵੀ ਕੀਤੀ ਸੀ।