ਝੰਡੇ ਦੀ ਰਸਮ ਦੇਖ ਕੇ ਪਰਤ ਰਹੀ ਸਿੱਕਮ ਦੀ ਕੁੜੀ ਦੀ ਆਟੋ 'ਚ ਲੁੱਟ-ਖੋਹ ਦੌਰਾਨ ਡਿੱਗਣ ਕਾਰਨ ਮੌਤ
ਅੰਮ੍ਰਿਤਸਰ : ਭਾਰਤ-ਪਾਕਿ ਸੰਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਸਰਹੱਦ ਤੋਂ ਰੀਟਰੀਟ ਵੇਖ ਕੇ ਆਟੋ ਉਪਰ ਵਾਪਸ ਜਾ ਰਹੀ ਲੜਕੀ ਨਾਲ ਲੁੱਟ-ਖੋਹ ਦੌਰਾਨ ਡਿੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਅਧੀਨ ਆਉਂਦੇ ਥਾਣਾ ਘਰਿੰਡਾ ਦੇ ਇਲਾਕੇ ਅਟਾਰੀ ਅੰਮ੍ਰਿਤਸਰ ਮਾਰਗ ਉਤੇ ਹੋਈ ਝਪਟਮਾਰੀ ਦੌਰਾਨ ਤੇਜ਼ ਰਫਤਾਰ ਆਟੋ ਵਿਚੋਂ ਸੈਲਾਨੀ ਲੜਕੀ ਦੀ ਡਿੱਗਣ ਕਾਰਨ ਸੱਟਾਂ ਲੱਗ ਗਈਆਂ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਜਾਣਕਾਰੀ ਅਨੁਸਾਰ ਜਦੋਂ ਲੜਕੀ ਆਟੋ ਉਤੇ ਸਵਾਰ ਹੋ ਕੇ ਪੁਲਿਸ ਥਾਣਾ ਘਰਿੰਡਾ ਨਜ਼ਦੀਕ ਪਿੰਡ ਢੋਡੀਵਿੰਡ ਉਤੇ ਸਥਿਤ ਪੁੱਲ ਕੋਲ ਪੁੱਜੀ ਤਾਂ ਲੁਟੇਰਿਆਂ ਵੱਲੋਂ ਝਪਟ ਮਾਰਨ ਕਾਰਨ ਡਿੱਗ ਪਈ। ਸਿਰ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਪੀੜਤ ਲੜਕੀ ਸਿੱਕਮ ਦੀ ਰਹਿਣ ਵਾਲੀ ਸੀ ਤੇ ਦਿੱਲੀ ਦੇ ਕਾਲਜ ਵਿਚ ਲਾਅ ਦੀ ਪੜ੍ਹਾਈ ਕਰ ਰਹੀ ਸੀ। ਉਹ ਆਪਣੇ ਸਹਿਪਾਠੀ ਨਾਲ ਅਟਾਰੀ ਸਰਹੱਦ ਉਤੇ ਝੰਡੇ ਦੀ ਰਸਮ ਦੇਖਣ ਆਈ ਸੀ।
ਇਹ ਵੀ ਪੜ੍ਹੋ : ਐਮਪੀ ਪ੍ਰਨੀਤ ਕੌਰ ਨੇ ਨੋਟਿਸ ਦਾ ਦਿੱਤਾ ਜਵਾਬ, ਕਿਹਾ ''ਜਿਹੜਾ ਫ਼ੈਸਲਾ ਚੰਗਾ ਲੱਗਦਾ ਪਾਰਟੀ ਕਰ ਲਵੇ''
ਲੜਕੀ ਦੀ ਦਰਦਨਾਕ ਮੌਤ ਹੋ ਜਾਣ ਕਾਰਨ ਉਸ ਨਾਲ ਆਏ ਸਾਥੀ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਪੁਲਿਸ ਥਾਣਾ ਘਰਿੰਡਾ ਨੇ ਮੁਲਜ਼ਮਾਂ ਖ਼ਿਲਾਫ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਕੱਲ੍ਹ ਸਵੇਰੇ ਪੋਸਟ ਮਾਰਟਮ ਕਰਨ ਉਪਰੰਤ ਮ੍ਰਿਤਕ ਦੇਹ ਪਰਿਵਾਰ ਹਵਾਲੇ ਕੀਤੀ ਜਾਵੇਗੀ।