ਹਾਂਗਕਾਂਗ 'ਚ 22ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਭੰਮੀਪੁਰਾ ਵਾਸੀ ਲੜਕੀ ਦੀ ਹੋਈ ਮੌਤ
ਲੁਧਿਆਣਾ : ਲੁਧਿਆਣਾ ਦੀ ਰਹਿਣ ਵਾਲੀ 22 ਸਾਲਾ ਲੜਕੀ ਦੀ ਹਾਂਗਕਾਂਗ ਵਿੱਚ ਮੌਤ ਹੋ ਗਈ ਹੈ। ਲੜਕੀ ਮਾਲ 'ਚ ਕੰਮ ਕਰਦੀ ਸੀ। ਉਹ ਬਿਨਾਂ ਸੇਫਟੀ ਬੈਲਟ ਦੇ ਮਾਲ ਦੇ ਸ਼ੀਸ਼ੇ ਸਾਫ਼ ਕਰ ਰਹੀ ਸੀ ਜਦੋਂ ਅਚਾਨਕ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ 22ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਈ। ਲੜਕੀ ਦੇ ਹੇਠਾਂ ਡਿੱਗਦੇ ਹੀ ਲੋਕਾਂ ਨੇ ਤੁਰੰਤ ਪੁਲਿਸ ਨੂੰ ਬੁਲਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਲੜਕੀ ਦੀ ਰਸਤੇ 'ਚ ਹੀ ਮੌਤ ਹੋ ਗਈ। ਮਰਨ ਵਾਲੀ ਲੜਕੀ ਦਾ ਨਾਂ ਕਿਰਨਜੋਤ ਕੌਰ ਹੈ, ਉਹ ਜਗਰਾਉਂ ਦੇ ਪਿੰਡ ਭੰਮੀਪੁਰਾ ਦੀ ਰਹਿਣ ਵਾਲੀ ਸੀ।
ਕਿਰਨਜੀਤ ਕੌਰ ਹਾਂਗਕਾਂਗ ਵਿਚ 5 ਮਹੀਨੇ ਪਹਿਲਾਂ ਹੀ ਵਰਕ ਪਰਮਿਟ ਉਤੇ ਰੋਜ਼ੀ ਰੋਟੀ ਦੇ ਜੁਗਾੜ ਵਿਚ ਗਈ ਸੀ। ਹਾਂਗਕਾਂਗ ਵਿਚ ਉਸ ਨੂੰ ਬਹੁ-ਮੰਜ਼ਿਲਾ ਮਾਲ ਵਿਚ ਨੌਕਰੀ ਮਿਲੀ, ਜਿੱਥੇ ਉਹ 22ਵੀਂ ਮੰਜ਼ਿਲ ਉਪਰ ਸ਼ੀਸ਼ੇ ਸਾਫ਼ ਕਰ ਰਹੀ ਸੀ। ਉਪਰੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਛਵਾੜਾ ਕੋਲ ਮਾਈਨਜ਼ : ਸੀਐਮ ਮਾਨ ਨੇ ਝਾਰਖੰਡ ਦੇ ਹਮਰੁਤਬਾ ਨਾਲ ਫੋਨ 'ਤੇ ਕੀਤੀ ਗੱਲਬਾਤ
ਕੁੜੀ ਦੀ ਮੌਤ ਬਾਰੇ ਖ਼ਬਰ ਕੰਪਨੀ ਨੇ ਉਸ ਦੇ ਭੰਮੀਪੁਰਾਂ ਰਹਿੰਦੇ ਪਰਿਵਾਰ ਨੂੰ ਦਿੱਤੀ ਤਾਂ ਪਰਿਵਾਰ ਬੇਸੁੱਧ ਹੋ ਗਿਆ। ਮ੍ਰਿਤਕਾ ਦੇ ਭਰਾ ਰਵੀ ਨੇ ਦੱਸਿਆ ਕਿ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਲੜਕੀ ਦੇ ਪਰਿਵਾਰ ਵਾਲਿਆਂ ਅਨੁਸਾਰ ਕਿਰਨਜੋਤ ਪੰਜਾਬ ਵਿੱਚ ਰੁਜ਼ਗਾਰ ਨਾ ਮਿਲਣ ਕਾਰਨ ਚੰਗੇ ਭਵਿੱਖ ਲਈ ਵਿਦੇਸ਼ ਗਈ ਸੀ। ਕਿਰਨਜੋਤ ਅਜੇ 5 ਮਹੀਨੇ ਹੀ ਵਿਦੇਸ਼ ਗਈ ਸੀ। ਡਿਊਟੀ 'ਤੇ ਜਾਣ ਤੋਂ ਪਹਿਲਾਂ ਲੜਕੀ ਨੇ ਪਰਿਵਾਰ ਨਾਲ ਫੋਨ 'ਤੇ ਗੱਲ ਕੀਤੀ ਸੀ।