ਭਾਰਤ ਦਾ ਇਕ ਸ਼ਹਿਰ, ਜੋ ਹੌਲੀ-ਹੌਲੀ ਹੋ ਰਿਹੈ ਜ਼ਮੀਨਦੋਜ, ਲੋਕਾਂ ਨੇ ਸੁਰੱਖਿਅਤ ਥਾਂ ਤਬਦੀਲ ਕਰਨ ਦੀ ਕੀਤੀ ਮੰਗ

By  Ravinder Singh January 6th 2023 04:20 PM -- Updated: January 6th 2023 04:21 PM

ਜੋਸ਼ੀਮਠ: ਉੱਤਰਾਖੰਡ ਦੇ ਜੋਸ਼ੀਮਠ 'ਚ ਜ਼ਮੀਨ ਧੱਸਣ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਜ਼ਮੀਨ ਖਿਸਕਣ ਨੇ ਇਲਾਕੇ ਦੇ ਸਾਰੇ ਵਾਰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਲੋਕਾਂ ਦੇ ਘਰਾਂ ਤੇ ਹੋਰ ਇਮਾਰਤਾਂ ਵਿਚ ਤਰੇੜਾਂ ਆ ਗਈਆਂ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੀਐਮਓ ਲਗਾਤਾਰ ਮਾਮਲੇ ਦੀ ਨਿਗਰਾਨੀ ਕਰ ਰਿਹਾ ਹੈ। ਹੁਣ ਤੱਕ 70 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ।


ਤੇਜ਼ੀ ਨਾਲ ਜ਼ਮੀਨ ਧੱਸਣ ਦਾ ਘੇਰਾ ਭਾਰਤ-ਤਿੱਬਤ ਸਰਹੱਦ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਜ਼ਮੀਨ ਧੱਸਣ ਦੀਆਂ ਘਟਨਾਵਾਂ 'ਤੇ ਜਲਦੀ ਹੀ ਕੋਈ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਨਾ ਲਾਈ ਗਈ ਤਾਂ ਇਹ ਦੇਸ਼ ਦੀ ਸੁਰੱਖਿਆ ਲਈ ਵੀ ਖ਼ਤਰਾ ਬਣ ਸਕਦਾ ਹੈ। ਇਥੇ ਰਹਿ ਰਹੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਉਨ੍ਹਾਂ ਨੇ ਸੁਰੱਖਿਅਤ ਥਾਂ ਉਤੇ ਤਬਦੀਲ ਕਰਨ ਦੀ ਮੰਗ ਕੀਤੀ ਹੈ।



ਜੋਸ਼ੀਮਠ, ਜਿਸਨੂੰ ਜੋਤੀਰਮਠ ਵੀ ਕਿਹਾ ਜਾਂਦਾ ਹੈ, ਜੋ ਕਿ 'ਹਿਮਾਲਿਆ ਦੇ ਗੇਟਵੇਅ' ਵਜੋਂ ਵੀ ਜਾਣਿਆ ਜਾਂਦਾ ਹੈ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਇਕ ਸ਼ਹਿਰ ਤੇ ਇਕ ਮਿਊਂਸਪਲ ਬੋਰਡ ਹੈ। ਇਹ 6150 ਫੁੱਟ (1875 ਮੀਟਰ) ਦੀ ਉਚਾਈ 'ਤੇ ਸਥਿਤ ਹੈ ਜੋ ਕਿ ਬਦਰੀਨਾਥ ਵਰਗੇ ਤੀਰਥ ਸਥਾਨਾਂ ਦਾ ਗੇਟਵੇ ਵੀ ਹੈ। ਇਹ ਆਦਿ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਚਾਰ ਪ੍ਰਮੁੱਖ ਮਠਾਂ ਵਿਚੋਂ ਇਕ ਹੈ। ਇਹ ਇਲਾਕਾ ਧਾਰਮਿਕ, ਮਿਥਿਹਾਸਕ ਅਤੇ ਇਤਿਹਾਸਕ ਸ਼ਹਿਰ ਹੋਣ ਦੇ ਨਾਲ-ਨਾਲ ਰਣਨੀਤਕ ਨਜ਼ਰੀਏ ਤੋਂ ਵੀ ਬਹੁਤ ਮਹੱਤਵਪੂਰਨ ਹੈ। ਜੋਸ਼ੀਮਠ ਭਾਰਤ-ਤਿੱਬਤ ਸਰਹੱਦ ਇੱਥੋਂ ਸਿਰਫ਼ 100 ਕਿਲੋਮੀਟਰ ਦੂਰ ਸਥਿਤ ਹੈ। ਹੇਮਕੁੰਟ ਸਾਹਿਬ, ਔਲੀ, ਫੁੱਲਾਂ ਦੀ ਘਾਟੀ ਆਦਿ ਜਾਣ ਲਈ ਯਾਤਰੀਆਂ ਨੂੰ ਇਸ ਜੋਸ਼ੀਮੱਠ ਤੋਂ ਲੰਘਣਾ ਪੈਂਦਾ ਹੈ।

ਇਹ ਵੀ ਪੜ੍ਹੋ : ਸੰਘਣੀ ਧੁੰਦ ਤੇ ਹੱਡ ਚੀਰਵੀਂ ਠੰਢ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ

ਜ਼ਮੀਨ ਧੱਸਣ ਦੀਆਂ ਇਹ ਘਟਨਾਵਾਂ ਅਚਾਨਕ ਨਹੀਂ ਵਾਪਰ ਰਹੀਆਂ। ਜੋਸ਼ੀਮੱਠ ਲੰਬੇ ਸਮੇਂ ਤੋਂ ਧੱਸ ਰਿਹਾ ਹੈ। ਜੋਸ਼ੀਮਠ ਦੇ ਜ਼ਮੀਨਦੋਹ ਹੋਣ ਨੂੰ ਲੈ ਕੇ ਸਥਾਨਕ ਲੋਕਾਂ ਦੀ ਜੋਸ਼ੀਮੱਠ ਬਚਾਓ ਸੰਘਰਸ਼ ਕਮੇਟੀ ਪਿਛਲੇ ਕਈ ਸਾਲਾਂ ਤੋਂ ਅੰਦੋਲਨ ਕਰ ਰਹੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ। 2006 'ਚ ਡਾ. ਸਪਨਮਿਤਾ ਚੌਧਰੀ, ਇਕ ਸੀਨੀਅਰ ਭੂਮੀ ਵਿਗਿਆਨੀ ਨੇ ਜੋਸ਼ੀਮਠ ਦਾ ਅਧਿਐਨ ਕੀਤਾ। ਉਨ੍ਹਾਂ ਇਸ ਸਬੰਧੀ ਆਪਣੀ ਰਿਪੋਰਟ ਸਰਕਾਰ ਤੇ ਆਫ਼ਤ ਪ੍ਰਬੰਧਨ ਵਿਭਾਗ ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਰਿਪੋਰਟ ਦਾ ਕੀ ਹੋਇਆ।

Related Post