ਪੀਐਮ ਮੋਦੀ ਦੇ ਭਰਾ ਦੀ ਕਾਰ ਹਾਦਸੇ ਮਾਮਲੇ 'ਚ ਡਰਾਈਵਰ ਖ਼ਿਲਾਫ਼ ਮਾਮਲਾ ਦਰਜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਦੀ ਕਾਰ ਹਾਦਸੇ ਮਾਮਲੇ ਵਿਚ ਡਰਾਈਵਰ ਮੁਸ਼ਕਲਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮੈਸੂਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਾ ਆਪਣੇ ਪਰਿਵਾਰ ਸਮੇਤ ਸੜਕ ਹਾਦਸੇ ਮਾਮਲੇ ਵਿਚ ਪੁਲਿਸ ਨੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕਰਨਾਟਕ ਪੁਲਿਸ ਨੇ ਕਾਰ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪ੍ਰਹਿਲਾਦ ਮੋਦੀ ਦੇ ਕਾਫਲੇ ਦੇ ਮੁਲਾਜ਼ਮ ਐੱਸ ਮਹਾਦੇਵ ਨੇ ਐੱਨ ਸਤਿਆਨਾਰਾਇਣ ਖ਼ਿਲਾਫ਼ ਮੈਸੂਰ ਗ੍ਰਾਮੀਣ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ।
ਉਸ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਇਹ ਹਾਦਸਾ ਮੁਲਜ਼ਮ ਡਰਾਈਵਰ ਵੱਲੋਂ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਵਾਪਰਿਆ ਹੈ। ਪ੍ਰਹਿਲਾਦ ਦਾਮੋਦਰ ਦਾਸ ਮੋਦੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ 27 ਦਸੰਬਰ ਨੂੰ ਮੈਸੂਰ ਜ਼ਿਲ੍ਹੇ ਦੇ ਪਿੰਡ ਕਦਾਕੋਲਾ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਏ। ਦਰਅਸਲ ਪ੍ਰਹਿਲਾਦ ਮੋਦੀ ਤੇ ਉਨ੍ਹਾਂ ਦਾ ਪਰਿਵਾਰ ਕਾਰ ਰਾਹੀਂ ਬਾਂਦੀਪੁਰ ਜਾ ਰਹੇ ਸਨ। ਉਦੋਂ ਕਾਰ ਡਰਾਈਵਰ ਕੰਟਰੋਲ ਗੁਆ ਬੈਠਾ ਤੇ ਕਾਰ ਸੜਕ ਦੇ ਡਿਵਾਈਡਰ ਨਾਲ ਜਾ ਟਕਰਾਈ। ਹਾਲਾਂਕਿ ਏਅਰਬੈਗ ਸਹੀ ਸਮੇਂ ਉਪਰ ਖੁੱਲ੍ਹਣ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ ਪਰ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ : ਟਰੱਕ ਆਪ੍ਰੇਰਟਰਾਂ ਨੇ ਸ਼ੰਭੂ ਬੈਰੀਅਰ 'ਤੇ ਲਗਾਇਆ ਧਰਨਾ, ਆਵਾਜਾਈ ਰੁਕਣ ਕਾਰਨ ਹਫੜਾ-ਦਫੜੀ ਦਾ ਮਾਹੌਲ
ਕਾਰ ਦੀ ਲਪੇਟ 'ਚ ਆਉਣ ਕਾਰਨ ਡਰਾਈਵਰ ਸਣੇ 5 ਲੋਕ ਜ਼ਖ਼ਮੀ ਹੋ ਗਏ। 70 ਸਾਲਾ ਪ੍ਰਹਿਲਾਦ ਮੋਦੀ ਦੀ ਠੋਡੀ 'ਤੇ ਸੱਟ ਲੱਗੀ ਸੀ। ਹਾਦਸੇ 'ਚ ਉਨ੍ਹਾਂ ਦਾ 40 ਸਾਲਾ ਬੇਟਾ ਮੇਹੁਲ ਪ੍ਰਹਿਲਾਦ ਮੋਦੀ, ਨੂੰਹ ਜੀਨਲ ਮੋਦੀ ਤੇ 6 ਸਾਲਾ ਪੋਤਰਾ ਮੇਹੁਲ ਮੋਦੀ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਜੇਐਸਐਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ 'ਚ ਮੁਲਜ਼ਮ ਡਰਾਈਵਰ ਸਤਿਆਨਾਰਾਇਣ ਵੀ ਜ਼ਖਮੀ ਹੋ ਗਿਆ।