ਮੋਗੇ ਵਿੱਚ ਨਸ਼ੇ ਦਾ ਕਹਿਰ ਜਾਰੀ, ਇੱਕ ਨੌਜਵਾਨ ਦਾ ਪਿਆ ਭੋਗ, ਦੂਜੇ ਦੀ ਹੋਈ ਮੌਤ

ਮੋਗਾ ਦੇ ਪਿੰਡ ਲੋਹਾਰਾ ਵਿੱਚ 16 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਹਰਮਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

By  Dhalwinder Sandhu June 19th 2024 02:19 PM -- Updated: June 19th 2024 04:35 PM

ਮੋਗਾ: ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨ ਪੰਜਾਬ ਭਰ ਦੇ ਐੱਸਐੱਸਪੀਸ ਨਾਲ ਮੀਟਿੰਗਾਂ ਕਰਕੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਐਕਸ਼ਨ ਦੀ ਗੱਲ ਕਹੀ ਗਈ ਹੈ, ਪਰ ਸੂਬੇ ਭਰ ਵਿੱਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਮੋਗਾ ਦੇ ਪਿੰਡ ਲੋਹਾਰਾ ਤੋਂ ਸਾਹਮਣੇ ਆਇਆ ਹੈ, ਜਿਥੇ 16 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਹਰਮਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਇੱਕ ਨੌਜਵਾਨ ਦਾ ਪਿਆ ਭੋਗ ਦੂਜੇ ਦੀ ਹੋਈ ਮੌਤ

ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਵੀ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋਈ ਸੀ। ਜਿਸ ਦਾ ਅੱਜ ਭੋਗ ਪਾਇਆ, ਪਰ ਭੋਗ ਵਾਲੇ ਦਿਨ ਹੀ ਅੱਜ ਇੱਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ, ਜਿਸ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ, ਨਹੀਂ ਤਾਂ ਪੰਜਾਬ ਦੀ ਜਵਾਨੀ ਚਿੱਟਾ ਖਾ ਜਾਵੇਗਾ ਤੇ ਪੰਜਾਬ ਦੀ ਆਉਣ ਵਾਲੀ ਪੀੜੀ ਖਤਮ ਹੋ ਜਾਵੇਗੀ।


ਵਿਧਾਇਕ ਨੇ ਨਸ਼ੇ ਦੇ ਖਾਤਮੇ ਦਾ ਕੀਤਾ ਸੀ ਵਾਅਦਾ

ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਨਸ਼ੇ ਕਾਰਨ ਲਗਾਤਾਰ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਪਿੰਡ ਦੇ ਆਗੂ ਜਸਵੀਰ ਸਿੰਘ ਤੇ ਜਸਵੰਤ ਸਿੰਘ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਹਲਕਾ ਧਰਮਕੋਟ ਦੇ ਲੋਕਾਂ ਨਾਲ ਹਿੱਕ ਥਾਪੜ ਕੇ ਵਾਅਦਾ ਕੀਤਾ ਸੀ ਕਿ ਮੈਨੂੰ ਵਿਧਾਇਕ ਬਣਾ ਦਿਓ ਹਲਕੇ ਵਿੱਚੋਂ ਚਿੱਟਾ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦੇਵਾਂਗੇ, ਪਰ ਅੱਜ ਹਾਲਾਤ ਇਸ ਕਦਰ ਪਹੁੰਚ ਚੁੱਕੇ ਹਨ ਕਿ ਚਿੱਟਾ ਬੰਦ ਹੋਣ ਦੀ ਬਜਾਏ ਇਹ ਘਰ-ਘਰ ਵਿੱਚ ਐਂਟਰੀ ਕਰਨਾ ਸ਼ੁਰੂ ਕਰ ਗਿਆ ਹੈ। ਇੱਕ ਘਰ ਛੱਡ ਕੇ ਦੂਸਰੇ ਘਰ ਹਰ ਨੌਜਵਾਨ ਚਿੱਟੇ ਦੇ ਆਦੀ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਸਾਡੇ ਪੰਜਾਬ ਨੂੰ ਇਸ ਨਸ਼ੇ ਦੇ ਕਹਿਰ ਤੋਂ ਬਚਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ: ਗੁਰੂ ਨਗਰੀ ਵਿੱਚ ਚੱਲੀ ਗੋਲੀ, ਇੱਕ ਔਰਤ ਜ਼ਖ਼ਮੀ, ਜਾਣੋ ਮਾਮਲਾ

Related Post