ਲੁਧਿਆਣਾ: ਲੁਧਿਆਣਾ ਦੇ ਕੋਹਾੜਾ ਕਸਬੇ ਵਿੱਚ ਇਕ ਛੋਟਾ ਸਿਲੰਡਰ ਫੱਟਣ ਕਾਰਨ ਅਚਾਨਕ ਅੱਗ ਲੱਗ ਗਈ ਅਤੇ 8 ਦੁਕਾਨਾਂ ਸੜ ਕੇ ਸੁਆਹ ਹੋ ਗਈਆ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਦੁਕਾਨ 'ਚ ਗੈਰ-ਕਾਨੂੰਨੀ ਤਰੀਕੇ ਨਾਲ ਛੋਟੇ ਸਿਲੰਡਰ ਭਰਦਾ ਸੀ।
ਜਦੋਂ ਤੱਕ ਦੁਕਾਨਦਾਰ ਅੱਗ ਲੱਗਣ ਦਾ ਕਾਰਨ ਸਮਝ ਸਕਿਆ, ਉਦੋਂ ਤੱਕ ਦੁਕਾਨ ਅੰਦਰ ਧਮਾਕੇ ਹੋਣੇ ਸ਼ੁਰੂ ਹੋ ਗਏ। ਇਸ ਦੌਰਾਨ ਅੱਗ ਨਾਲ ਲੱਗਦੀਆਂ 8 ਦੁਕਾਨਾਂ ਤੱਕ ਪਹੁੰਚ ਗਈ। ਅੱਗ ਨੇ ਦੁਕਾਨਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਕਰ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ।
ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਗਏ। ਫਾਇਰ ਬ੍ਰਿਗੇਡ ਨੇ ਬੜੀ ਮੁਸ਼ਕਤ ਨਾਲ ਅੱਗ ਉੱਤੇ ਕਾਬੂ ਪਾ ਲਿਆ। ਦੱਸਿਆ ਜਾ ਰਿਹਾ ਹੈ ਕਿ 2 ਲੋਕ ਅੱਗ ਦੀ ਲਪੇਟ 'ਚ ਆ ਗਏ ਹਨ। ਜ਼ਖਮੀ ਲੋਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੀੜਤਾਂ ਨੂੰ ਪਹਿਲਾਂ ਕੂੰਮਕਲਾਂ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਿਸ ਦੁਕਾਨ ਤੋਂ ਅੱਗ ਲੱਗੀ ਉਹ ਦੁਕਾਨ ਵਿੱਚ ਵੱਡੇ ਸਿਲੰਡਰਾਂ ਤੋਂ ਲੈ ਕੇ ਛੋਟੇ ਸਿਲੰਡਰਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਗੈਸ ਭਰੀ ਜਾ ਰਹੀ ਸੀ। ਇਸ ਨਜਾਇਜ਼ ਧੰਦੇ ਬਾਰੇ ਲੋਕਾਂ ਨੇ ਕਈ ਵਾਰ ਪੁਲਿਸ ਨੂੰ ਸੂਚਿਤ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ।
ਪੁਲਿਸ ਚੌਕੀ ਰਾਮਗੜ੍ਹ ਦੇ ਇੰਚਾਰਜ ਏਐਸਆਈ ਸੁਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।