Interesting Turban Facts: ਸਿੱਖ ਦਸਤਾਰ ਬਾਰੇ 8 ਦਿਲਚਸਪ ਤੱਥ ਜਿਨ੍ਹਾਂ ਤੋਂ ਤੁਸੀਂ ਵੀ ਹੋ ਅਣਜਾਣ

ਕੌਮਾਂਤਰੀ ਦਸਤਾਰ ਦਿਵਸ ਸਾਲ 2004 ਤੋਂ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਇਹ ਇੱਕ ਅਜਿਹਾ ਮੌਕਾ ਹੈ ਜੋ ਸਿੱਖ ਪਛਾਣ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਇਹ ਸਮਾਗਮ ਸਿੱਖਾਂ ਦੀ ਵੱਖਰੀ ਦਿੱਖ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਹੋਇਆ। ਵਿਲੱਖਣ ਸਿੱਖ ਦਸਤਾਰ ਨੂੰ ਰਾਜਸ਼ਾਹੀ ਦੇ ਤੌਰ 'ਤੇ ਦਸਤਾਰ, ਦੁਮਾਲਾ ਜਾਂ ਪਗੜੀ ਵਜੋਂ ਜਾਣਿਆ ਜਾਂਦਾ ਹੈ। ਵੱਖ-ਵੱਖ ਸਿੱਖ ਦਸਤਾਰ ਸਟਾਈਲ ਅਤੇ ਰੰਗ ਵਿਸ਼ਵਾਸ ਦੀਆਂ ਭਾਵਨਾਵਾਂ ਨੂੰ ਦਰਸਾਉਂਦੇ ਹਨ।

By  Jasmeet Singh April 13th 2023 01:00 AM

International Turban Day/Interesting Turban Facts: ਕੌਮਾਂਤਰੀ ਦਸਤਾਰ ਦਿਵਸ ਸਾਲ 2004 ਤੋਂ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਇਹ ਇੱਕ ਅਜਿਹਾ ਮੌਕਾ ਹੈ ਜੋ ਸਿੱਖ ਪਛਾਣ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਇਹ ਸਮਾਗਮ ਸਿੱਖਾਂ ਦੀ ਵੱਖਰੀ ਦਿੱਖ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਹੋਇਆ। ਵਿਲੱਖਣ ਸਿੱਖ ਦਸਤਾਰ ਨੂੰ ਰਾਜਸ਼ਾਹੀ ਦੇ ਤੌਰ 'ਤੇ ਦਸਤਾਰ, ਦੁਮਾਲਾ ਜਾਂ ਪਗੜੀ ਵਜੋਂ ਜਾਣਿਆ ਜਾਂਦਾ ਹੈ। ਵੱਖ-ਵੱਖ ਸਿੱਖ ਦਸਤਾਰ ਸਟਾਈਲ ਅਤੇ ਰੰਗ ਵਿਸ਼ਵਾਸ ਦੀਆਂ ਭਾਵਨਾਵਾਂ ਨੂੰ ਦਰਸਾਉਂਦੇ ਹਨ।

ਦਸਤਾਰ ਨੂੰ ਸਿੱਖ ਕੌਮ ਦਾ ਮਾਣ ਮੰਨਿਆ ਜਾਂਦਾ ਹੈ। ਸਿੱਖ ਧਰਮ ਦੇ ਲੋਕ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਣ ਪਰ ਉਹ ਦਸਤਾਰ ਜ਼ਰੂਰ ਸਜਾਉਂਦੇ ਹਨ। ਦਸਤਾਰ ਨੂੰ ਪੱਗ ਵੀ ਕਿਹਾ ਜਾਂਦਾ ਹੈ ਜੋ ਅੱਜ ਵਿਸ਼ਵ ਭਰ ਵਿੱਚ ਸਿੱਖ ਕੌਮ ਦੀ ਪਛਾਣ ਹੈ। ਅੱਜ ਪੱਗ ਅਤੇ ਦਾੜ੍ਹੀ ਦੇਖ ਕੇ ਦੂਰੋਂ ਹੀ ਸਮਝ ਆਉਂਦਾ ਹੈ ਕਿ ਸਾਹਮਣੇ ਵਾਲਾ ਸਿੱਖ ਕੌਮ ਨਾਲ ਸਬੰਧਿਤ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਿੱਖ ਕੌਮ ਵੱਲੋਂ ਇਹ ਪੱਗ ਪਾਉਣ ਦਾ ਰਿਵਾਜ ਕਦੋਂ ਸ਼ੁਰੂ ਹੋਇਆ। ਇਹ ਕਦੋਂ ਹੋਂਦ ਵਿੱਚ ਆਇਆ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਲੇਖ 'ਚ ਇਸ ਬਾਰੇ ਦੱਸ ਰਹੇ ਹਾਂ।

ਦਸਤਾਰ ਦਾ ਅਰਥ 


ਫ਼ਾਰਸੀ ਵਿੱਚ ਦਸਤਾਰ ਸ਼ਬਦ ਕਿਸੇ ਵੀ ਕਿਸਮ ਦੀ ਪੱਗ ਦੇ ਵੱਲ ਸੰਕੇਤ ਕਰਦਾ ਹੈ। ਦਸਤਾਰ ਸਿੱਖ ਧਰਮ ਨਾਲ ਜੁੜਿਆ ਹੈਡਵੀਅਰ ਹੈ ਜੋ ਕਿ ਸਿੱਖ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸਿੱਖਾਂ ਵਿੱਚ ਦਸਤਾਰ ਬਰਾਬਰੀ, ਸਨਮਾਨ, ਸਵੈ-ਮਾਣ, ਹਿੰਮਤ, ਅਧਿਆਤਮਿਕਤਾ ਅਤੇ ਧਾਰਮਿਕਤਾ ਨੂੰ ਦਰਸਾਉਂਦਾ ਹੈ। 

ਭਾਰਤ ਵਿੱਚ ਦਸਤਾਰ ਦਾ ਇਤਿਹਾਸ 


16ਵੀਂ ਸਦੀ ਵਿੱਚ ਮੁਗ਼ਲ ਸਾਮਰਾਜ ਤੋਂ ਪਹਿਲਾਂ ਭਾਰਤ ਵਿੱਚ ਪੱਗ ਆਮ ਤੌਰ 'ਤੇ ਸਿਰਫ਼ ਸ਼ਾਹੀ ਪਰਿਵਾਰਾਂ ਜਾਂ ਉੱਚ ਅਧਿਕਾਰੀਆਂ ਦੁਆਰਾ ਪਹਿਨਣ ਦੀ ਇਜਾਜ਼ਤ ਸੀ। ਇਹ ਸਮਾਜਿਕ ਵੱਕਾਰ ਅਤੇ ਉੱਚ ਵਰਗ ਦਾ ਪ੍ਰਤੀਕ ਸੀ। ਖਾਸ ਕਰਕੇ ਹਿੰਦੂ ਸੰਪਰਦਾਵਾਂ ਵਿੱਚ ਨੀਵੀਂਆਂ ਸਮਝੀਆਂ ਜਾਂਦੀਆਂ ਜਾਤਾਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਨਹੀਂ ਸੀ। 

ਸਿੱਖਾਂ ਵਿੱਚ ਦਸਤਾਰ ਦੀ ਸ਼ੁਰੁਆਤ 


ਸਿੱਖ ਧਰਮ ਵਿੱਚ ਦਸਤਾਰ ਦੀ ਸ਼ੁਰੁਆਤ ਸਿੱਖਾਂ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀ ਗਈ ਸੀ। ਜਿਨ੍ਹਾਂ ਨੇ ਨਿੱਕੀ ਉਮਰ ਤੋਂ ਹੀ ਪੱਗ ਸਜਾਉਣੀ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਦੂਜੀ, ਤੀਜੀ, ਚੌਥੀ ਅਤੇ ਪੰਜਵੀ ਪਾਤਸ਼ਾਹੀ ਵੱਲੋਂ ਵੀ ਸਿੱਖਾਂ ਨੂੰ ਦਸਤਾਰ ਸਜਾਉਣ ਦਾ ਉਪਦੇਸ਼ ਦਿੱਤਾ ਗਿਆ। ਛੇਵੀਂ ਪਾਤਸ਼ਾਹੀ ਤੋਂ ਦਸਤਾਰ ਸਿੱਖ ਫੌਜੀਆਂ ਦੀ ਪਛਾਣ ਦਾ ਪ੍ਰਤੀਕ ਵੀ ਬਣਨਾ ਸ਼ੁਰੂ ਹੋ ਗਿਆ ਸੀ ਜਿਸ 'ਤੇ ਦਸਵੀਂ ਪਾਤਸ਼ਾਹੀ ਵੱਲੋਂ ਮੋਹਰ ਲਗਾ ਇਸਨੂੰ ਸਿੱਖਾਂ ਦੀ ਪਛਾਣ ਦਾ ਇੱਕ ਅੰਗ ਬਣਾ ਦਿੱਤਾ। 

ਸਿੱਖ ਦਸਤਾਰ ਹੇਠ ਕਿਉਂ ਬਣਦੇ ਪਰਨਾ?


ਦਸਤਾਰ ਸਜਾਉਣ ਦੀ ਪ੍ਰਣਾਲੀ ਵਿੱਚ ਤਬਦੀਲੀਆਂ ਇਸਲਾਮੀ ਸ਼ਾਸਨ ਵਿੱਚ ਸ਼ੁਰੂ ਹੋਈਆਂ। ਬਾਅਦ ਵਿੱਚ ਔਰੰਗਜ਼ੇਬ ਦੇ ਰਾਜ ਦੌਰਾਨ ਪੱਗ ਦੀ ਵਰਤੋਂ ਇੱਕ ਖਾਸ ਆਬਾਦੀ ਨੂੰ ਵੱਖ ਕਰਨ ਲਈ ਕੀਤੀ ਜਾਣ ਲੱਗੀ। ਲੇਕਿਨ ਇਹ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਸ਼ਾਸ਼ਨ ਦੌਰਾਨ ਸੀ ਜਦੋਂ ਦਿੱਲੀ ਤਖ਼ਤ ਵੱਲੋਂ ਭਾਰਤੀਆਂ ਦੇ ਦਸਤਾਰ ਬਣਨ 'ਤੇ ਪਾਬੰਦੀ ਲਗਾ ਦਿੱਤੀ ਗਈ। ਉਸ ਵੇਲੇ ਸਿੱਖਾਂ ਦੇ ਛੇਵੇਂ ਗੁਰੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਲੀ ਤਖ਼ਤ ਨੂੰ ਚੁਣੌਤੀ ਦਿੰਦਿਆਂ ਐਲਾਨਿਆ ਸੀ ਵੀ ਉਹ ਤੇ ਉਨ੍ਹਾਂ ਦੇ ਸਿੱਖ ਗੁਲਾਮ ਨਹੀਂ ਆਜ਼ਾਦ ਹਨ। ਉਨ੍ਹਾਂ ਮੁਗ਼ਲ ਸ਼ਾਸ਼ਨ ਨੂੰ ਚੁਣੌਤੀ ਦਿੰਦਿਆਂ ਸਿੱਖਾਂ ਨੂੰ ਇਹ ਵੀ ਹੁਕਮ ਲਾਇਆ ਕਿ ਹੁਣ ਤੋਂ ਗੁਰੂ ਦੇ ਸਿੱਖ ਇੱਕ ਨਹੀਂ ਸਗੋਂ ਦੋ ਦਸਤਾਰਾਂ ਸਜਾਉਣਗੇ, ਜੋ ਕਿ ਸਿੱਖਾਂ ਦੀ ਸੁਤੰਰਤਤਾ ਦਾ ਪ੍ਰਤੀਕ ਬਣ ਗਈ। ਉਦੋਂ ਤੋਂ ਹੀ ਸਿੱਖ ਸਮਾਜ ਦੇ ਲੋਕ ਪੱਗ ਹੇਠਾਂ ਛੋਟਾ ਪਰਨਾ ਬਣਦੇ ਹਨ।  

ਸਿੱਖਾਂ ਲਈ ਦਸਤਾਰ ਲਾਜ਼ਮੀ ਕਦੋਂ ਹੋਈ 


ਬਾਦਸ਼ਾਹ ਔਰੰਗਜ਼ੇਬ ਨੇ ਆਪਣੀਆਂ ਜ਼ਾਲਿਮ ਨੀਤੀਆਂ ਕਰਕੇ ਗੈਰ ਮੁਸਲਮਾਨਾਂ ਖਾਸ ਕਰਕੇ ਸਿੱਖਾਂ ਦੀ ਪਛਾਣ ਮਿਟਾਉਣ ਲਈ ਦਸਤਾਰ 'ਤੇ ਪਾਬੰਦੀ ਦਾ ਕਰੜਾ ਪ੍ਰਬੰਧ ਕਰਨਾ ਚਾਹਿਆ। ਜਦੋਂ ਔਰੰਗਜ਼ੇਬ ਨੇ ਸਿੱਖਾਂ ਦੇ ਨੌਵੇਂ ਗੁਰੂ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਤਾਂ ਉਨ੍ਹਾਂ ਦੇ ਪੁੱਤਰ ਅਤੇ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਦੀ ਸਥਾਪਨਾ ਦੌਰਾਨ ਸਿੱਖਾਂ ਲਈ ਦਸਤਾਰ ਲਾਜ਼ਮੀ ਕਰ ਦਿੱਤੀ। ਉਦੋਂ ਤੋਂ ਹੀ ਦਸਤਾਰ ਸਿੱਖਾਂ ਦੇ ਸ਼ਰੀਰ ਦਾ ਹੀ ਇੱਕ ਅਟੁੱਟ ਅੰਗ ਬਣ ਗਿਆ। 

ਬਰਤਾਨਵੀ ਰਾਜ ਦੌਰਾਨ ਦਸਤਾਰ ਵਿੱਚ ਕੀ ਬਦਲਾਅ ਆਏ?


ਸਾਲ 1847 'ਚ ਜਦੋਂ ਅੰਗਰੇਜ਼ ਹਕੂਮਤ ਨੇ ਪੰਜਾਬ ਵਿਚ ਪੈਰ ਧਰਿਆ ਤਾਂ ਦਸਤਾਰ ਦੇ ਰੁਝਾਨ ਵਿੱਚ ਕਈ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਿੱਖ ਸਿਪਾਹੀਆਂ ਨੂੰ ਵੱਖ ਕਰਨ ਲਈ ਪਹਿਲਾਂ ਪੱਗ ਨੂੰ ਲਿਆਇਆ ਗਿਆ। ਸ਼ਿਸ਼ਟਾਚਾਰ ਪਸੰਦ ਅੰਗਰੇਜ਼ਾਂ ਨੇ ਇਸ ਲਈ ਇੱਕ ਵਿਸ਼ੇਸ਼ ਸਮਰੂਪਤਾ ਦੇ ਨਾਲ ਇੱਕ ਪੱਗ ਦਾ ਰੁਝਾਨ ਸ਼ੁਰੂ ਕੀਤਾ। ਸ਼ੁਰੂ ਵਿੱਚ ਇਹ ਪੱਗ ਕੀਨੀਅਨ ਸਟਾਈਲ ਦਾ ਸੀ ਅਤੇ ਫਿਰ ਬਾਅਦ ਵਿੱਚ ਇਸ ਦਾ ਰੰਗ ਅਤੇ ਰੂਪ ਬਦਲਦਾ ਰਿਹਾ। ਇਥੇ ਦੱਸਣਯੋਗ ਹੈ ਕਿ ਅੰਗਰੇਜ਼ਾਂ ਕਾਰਨ ਹੀ ਸਿੱਖਾਂ ਨੇ ਵੀ ਦਾੜ੍ਹੀ ਬੰਨ੍ਹਣੀ ਸ਼ੁਰੂ ਕਰ ਦਿੱਤੀ ਸੀ। 

ਅਜ਼ਾਦੀ ਤੋਂ ਬਾਅਦ ਮਹਿਜ਼ ਸਿੱਖ ਕੌਮ ਨੇ ਹੀ ਸਜਾਈ ਦਸਤਾਰ 


ਜਿੱਥੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਤੋਂ ਇਲਾਵਾ ਹਿੰਦੂ ਅਤੇ ਮੁਸਲਿਮ ਸਮਾਜ ਦੇ ਲੋਕ ਵੀ ਦਸਤਾਰ ਸਜਾਉਂਦੇ ਸਨ ਅਤੇ ਇਸ ਨੂੰ ਸਮਾਜਿਕ ਵੱਕਾਰ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਪਰ ਜਦੋਂ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਤਾਂ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਪੱਗ ਬੰਨ੍ਹਣੀ ਬੰਦ ਕਰ ਦਿੱਤੀ। ਦਰਅਸਲ ਆਜ਼ਾਦੀ ਦੇ ਸਮੇਂ ਭਾਰਤ ਦੀ ਵੰਡ ਹੋ ਗਈ ਸੀ ਅਤੇ ਇੱਕ ਵੱਖਰਾ ਦੇਸ਼ ਪਾਕਿਸਤਾਨ ਬਣਿਆ। ਇਸ ਦੌਰਾਨ ਦੇਸ਼ ਵਿੱਚ ਫਿਰਕੂ ਦੰਗੇ ਭੜਕ ਗਏ। ਇਸ ਕਾਰਨ ਹਿੰਦੂਆਂ ਨੇ ਵੀ ਪੱਗ ਬੰਨ੍ਹਣੀ ਬੰਦ ਕਰ ਦਿੱਤੀ ਕਿਉਂਕਿ ਦੰਗਿਆਂ ਦੌਰਾਨ ਉਨ੍ਹਾਂ ਨੂੰ ਸਿੱਖ ਸਮਝਿਆ ਜਾਂਦਾ ਸੀ ਅਤੇ ਇਸ ਲਈ ਉਨ੍ਹਾਂ 'ਤੇ ਹਮਲੇ ਹੋ ਰਹੇ ਸਨ। ਦੂਜੇ ਪਾਸੇ ਪਾਕਿਸਤਾਨ ਤੋਂ ਪਰਵਾਸ ਕਰਕੇ ਆਏ ਮੁਸਲਮਾਨਾਂ ਨੇ ਦਾੜ੍ਹੀ ਤਾਂ ਰੱਖੀ ਪਰ ਪੱਗ ਬੰਨ੍ਹਣੀ ਛੱਡ ਦਿੱਤੀ। ਪਰ ਆਜ਼ਾਦੀ ਤੋਂ ਬਾਅਦ ਵੀ ਸਿੱਖ ਕੌਮ ਨੇ ਪੱਗ ਬੰਨਣੀ ਬੰਦ ਨਹੀਂ ਕੀਤੀ ਅਤੇ ਅੱਜ ਇਹ ਉਨ੍ਹਾਂ ਦੀ ਵੱਖਰੀ ਪਛਾਣ ਬਣ ਚੁੱਕੀ ਹੈ।

ਵਿਦੇਸ਼ਾਂ ਵਿੱਚ ਸਿੱਖ ਦਸਤਾਰ ਨੂੰ ਲੈਕੇ ਵਿਵਾਦ


ਭਾਰਤ ਤੋਂ ਸਿੱਖ ਜਦੋਂ ਬਰਤਾਨੀਆ ਜਾਂ ਪੱਛਮੀ ਮੁਲਕਾਂ ਵਿੱਚ ਜਾਂਦੇ ਸਨ ਤਾਂ ਉਨ੍ਹਾਂ ਦੀ ਫ਼ੌਜੀ ਕਾਬਲੀਅਤ ਲਈ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਤਿਕਾਰ ਅਤੇ ਸਨਮਾਨ ਕੀਤਾ ਜਾਂਦਾ ਸੀ। ਉਥੇ ਹੀ ਸਿੱਖਾਂ ਨੇ ਦਸਤਾਰ ਨੂੰ ਆਪਣੇ ਲਾਜ਼ਮੀ ਪਹਿਰਾਵੇ ਵਜੋਂ ਰੱਖਿਆ ਪਰ ਸਮੇਂ-ਸਮੇਂ 'ਤੇ ਇਸ ਨਾਲ ਵਿਵਾਦ ਜੁੜੇ ਰਹੇ ਹਨ। ਬਰਤਾਨੀਆ 'ਚ ਕਦੇ ਬੱਸ ਡਰਾਈਵਰ ਨੂੰ ਡਿਊਟੀ ਦੌਰਾਨ ਪੱਗ ਪਾਉਣ ਤੋਂ ਰੋਕਣ ਦੀ ਕੋਸ਼ਿਸ਼ ਹੋਈ, ਕਦੇ ਸਕੂਲ 'ਚ ਸਿੱਖ ਵਿਦਿਆਰਥੀਆਂ ਦੇ ਪੱਗ ਪਾਉਣ 'ਤੇ ਪਾਬੰਦੀ ਲੱਗੀ, ਕਦੇ ਹੈਲਮੇਟ ਕਾਨੂੰਨ ਕਾਰਨ ਇਸ ਪ੍ਰਥਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ | ਪਰ ਸਿੱਖਾਂ ਦੇ ਜ਼ਿੱਦ ਤੋਂ ਬਾਅਦ ਹੁਣ ਯੂਕੇ ਦੇ ਕਾਨੂੰਨ ਵਿੱਚ ਸਿੱਖਾਂ ਲਈ ਪੱਗ ਨੂੰ ਲਾਜ਼ਮੀ ਮੰਨਿਆ ਜਾਣ ਲੱਗ ਪਿਆ। ਕਈ ਹੋਰ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਉਜ਼ੀਲੈਂਡ ਵਿੱਚ ਵੀ ਦਸਤਾਰ ਨੂੰ ਸਵੀਕਾਰ ਕਰ ਲਿਆ ਗਿਆ ਜਦਕਿ ਫਰਾਂਸ ਅਤੇ ਕਈ ਯੂਰੋਪੀ ਦੇਸ਼ਾਂ 'ਚ ਦਸਤਾਰ ਦੀ ਹੋਂਦ ਨੂੰ ਲੈਕੇ ਜੱਦੋ-ਜਹਿਦ ਜਾਰੀ ਹੈ। 

Related Post