ਬੇਜ਼ੁਬਾਨਾਂ ਨੂੰ ਬਚਾਉਂਦਿਆਂ ਅੱਗ ਚ ਝੁਲਸਿਆ ਬਜ਼ੁਰਗ, ਪਸ਼ੂਆਂ ਨੂੰ ਰੱਖਦਾ ਸੀ ਪਰਿਵਾਰ ਵਾਂਗ

By  KRISHAN KUMAR SHARMA January 15th 2024 01:57 PM

ਚੰਡੀਗੜ੍ਹ: ਬਟਾਲਾ ਦੇ ਡੇਰਾ ਬਾਬਾ ਨਾਨਕ ਤੋਂ ਬਹੁਤ ਹੀ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਡੇਰਾ ਬਾਬਾ ਨਾਨਕ 'ਚ ਇੱਕ ਬਜ਼ੁਰਗ ਦੀ ਆਪਣੇ ਪਰਿਵਾਰਕ ਮੈਂਬਰਾਂ ਵਰਗੇ ਪਸ਼ੂਆਂ ਨੂੰ ਬਚਾਉਂਦਿਆਂ ਮੌਤ ਹੋ ਗਈ ਹੈ। ਬਜ਼ੁਰਗ ਆਪਣੇ ਪਸ਼ੂਆਂ ਨੂੰ ਅੱਗ ਤੋਂ ਬਚਾਅ ਰਿਹਾ ਸੀ, ਜਿਸ ਦੌਰਾਨ ਉਸ ਦੀ ਝੁਲਸਣ ਕਾਰਨ ਮੌਤ ਹੋ ਗਈ। ਘਟਨਾ ਲਗਭਗ ਸਵੇਰੇ 4:35 ਵਜੇ ਦੀ ਦੱਸੀ ਜਾ ਰਹੀ ਹੈ।

ਘਟਨਾ ਡੇਰਾ ਬਾਬਾ ਨਾਨਕ ਦੇ ਪਿੰਡ ਡਾਲਚੱਕ ਦੀ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਕਰੀਬ 4:35 ਵਜੇ ਬਜ਼ੁਰਗ ਗੁਰਦੀਪ ਸਿੰਘ ਘਰ 'ਚ ਆਪਣੇ ਪਸ਼ੂਆਂ ਨਾਲ ਰਹਿ ਰਿਹਾ ਸੀ। ਉਸ ਕੋਲ ਇੱਕ ਬੱਕਰੀ ਤੇ ਦੋ ਮੱਝਾਂ ਸਨ, ਜੋ ਸ਼ੈਡ ਵਿੱਚ ਸਨ। ਅਚਾਨਕ ਸ਼ੈਡ 'ਚ ਅੱਗ ਲੱਗ ਗਈ, ਜਿਸ ਕਾਰਨ ਪਸ਼ੂਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਜਦੋਂ ਗੁਰਦੀਪ ਸਿੰਘ ਨੇ ਦੇਖਿਆ ਤਾਂ ਸ਼ੈਡ ਬੁਰੀ ਤਰ੍ਹਾਂ ਅੱਗ ਦੀ ਲਪੇਟ 'ਚ ਸੀ, ਜਿਸ ਵਿੱਚ ਪਸ਼ੂ ਝੁਲਸ ਰਹੇ ਸਨ। ਆਪਣੇ ਜਾਨ ਤੋਂ ਪਿਆਰੇ ਪਸ਼ੂਆਂ ਨੂੰ ਬਚਾਉਣ ਲਈ ਬਜ਼ੁਰਗ ਵੀ ਉਨ੍ਹਾਂ ਨੂੰ ਬਚਾਉਣ ਲਈ ਕੁੱਦ ਪਿਆ, ਪਰ ਭਿਆਨਕ ਅੱਗ ਨੇ ਪਸ਼ੂਆਂ ਤੇ ਬਜ਼ੁਰਗ ਦੋਵਾਂ ਨੂੰ ਲਪੇਟ 'ਚ ਲੈ ਲਿਆ। ਨਤੀਜੇ ਵੱਜੋਂ ਗੁਰਦੀਪ ਸਿੰਘ ਦੀ ਵੀ ਅੱਗ 'ਚ ਝੁਲਸਣ ਕਾਰਨ ਪਸ਼ੂਆਂ ਸਮੇਤ ਮੌਤ ਹੋ ਗਈ।

ਪਿੰਡ ਵਾਸੀਆਂ ਨੇ ਅੱਗ ਬਾਰੇ ਪਤਾ ਲੱਗਣ 'ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਅਤੇ ਭਾਰੀ ਮੁਸ਼ੱਕਤ ਪਿੱਛੋਂ ਅੱਗ 'ਤੇ ਕਾਬੂ ਪਾਇਆ ਗਿਆ। ਪਰ ਉਦੋਂ ਤੱਕ ਸਭ ਕੁੱਝ ਖਾਕ ਹੋ ਚੁੱਕਿਆ ਸੀ ਅਤੇ ਅੱਗ ਆਪਣਾ ਕੰਮ ਕਰ ਚੁੱਕੀ ਸੀ।

ਅੱਗ ਲੱਗਣ ਪਿੱਛੇ ਬਿਜਲੀਆਂ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਗੁਰਦੀਪ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ।

Related Post