ਹਿਮਾਚਲ ਦੇ 6 ਬਾਗ਼ੀ ਵਿਧਾਇਕ ਅਯੋਗ ਠਹਿਰਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਪਹੁੰਚੇ ਸੁਪਰੀਮ ਕੋਰਟ

By  Jasmeet Singh March 5th 2024 06:30 PM

Congress MLAs reach SC: ਸਪੀਕਰ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵ੍ਹਿਪ ਦੀ ਉਲੰਘਣਾ ਕਰਨ ਲਈ ਛੇ ਕਾਂਗਰਸੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ। 6 ਬਾਗ਼ੀ ਵਿਧਾਇਕਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਇਨ੍ਹਾਂ ਵਿਧਾਇਕਾਂ ਨੇ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੇ ਸਪੀਕਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। 

ਬਾਗ਼ੀ ਵਿਧਾਇਕਾਂ ਨੇ ਸਪੀਕਰ ਦੇ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਕਾਂਗਰਸੀ ਵਿਧਾਇਕਾਂ ਵਿੱਚ ਸੁਧੀਰ ਸ਼ਰਮਾ, ਰਜਿੰਦਰ ਰਾਣਾ, ਇੰਦਰ ਦੱਤ ਲਖਨਪਾਲ, ਰਵੀ ਠਾਕੁਰ, ਦੇਵੇਂਦਰ ਭੁੱਟੋ ਅਤੇ ਚੈਤਨਯ ਸ਼ਰਮਾ ਸ਼ਾਮਲ ਹਨ।

ਪਟੀਸ਼ਨ 'ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ 'ਚ ਉਨ੍ਹਾਂ ਨੇ ਇਨ੍ਹਾਂ ਸਾਰੇ 6 ਕਾਂਗਰਸੀ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤਾ ਹੈ। ਵਿਧਾਨ ਸਭਾ ਸਪੀਕਰ ਨੇ ਟ੍ਰਿਬਿਊਨਲ ਦੇ ਚੇਅਰਮੈਨ ਵਜੋਂ ਆਪਣੀ ਹੈਸੀਅਤ ਵਿੱਚ ਇਹ ਫੈਸਲਾ ਦਿੱਤਾ ਹੈ। 

ਦੱਸ ਦੇਈਏ ਕਿ ਹਾਲ ਹੀ 'ਚ ਹੋਈਆਂ ਰਾਜ ਸਭਾ ਚੋਣਾਂ 'ਚ ਕਾਂਗਰਸ ਦੇ ਇਨ੍ਹਾਂ 6 ਵਿਧਾਇਕਾਂ ਨੇ ਕਰਾਸ ਵੋਟਿੰਗ ਕੀਤੀ ਸੀ, ਜਿਸ ਕਾਰਨ ਭਾਜਪਾ ਦੇ ਹਰਸ਼ ਮਹਾਜਨ ਨੂੰ ਜੇਤੂ ਕਰਾਰ ਦਿੱਤਾ ਗਿਆ ਸੀ ਅਤੇ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਵਿਧਾਨ ਸਭਾ ਦੇ ਸਪੀਕਰ ਨੇ ਕੀ ਕਿਹਾ, ਜਾਣੋ...? 

ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਣੀਆ ਨੇ ਕਿਹਾ ਕਿ ਹੰਗਾਮੇ ਸਬੰਧੀ ਕੁਝ ਮੈਂਬਰਾਂ ਵੱਲੋਂ ਨੋਟਿਸ ਪ੍ਰਾਪਤ ਕੀਤੇ ਗਏ ਹਨ ਅਤੇ ਉਨ੍ਹਾਂ ਵੀ ਇਸ ਦਾ ਖੁਦ ਨੋਟਿਸ ਲਿਆ ਹੈ। ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਦਨ ਦੇ ਅੰਦਰ ਭਾਜਪਾ ਵਿਧਾਇਕਾਂ ਵੱਲੋਂ ਕੀਤੀ ਗਈ ਅਨੁਸ਼ਾਸਨਹੀਣਤਾ ਨਿਯਮਾਂ ਅਤੇ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਤਹਿਤ ਕਾਰਵਾਈਯੋਗ ਹੈ ਅਤੇ ਇਸ ਸਬੰਧੀ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਸਨਮਾਨਜਨਕ ਢੰਗ ਨਾਲ ਵਿਰੋਧ ਕਰ ਸਕਦੇ ਹਨ ਪਰ ਸੀਟ 'ਤੇ ਕਾਗਜ਼ ਸੁੱਟਣਾ ਮਨਜ਼ੂਰ ਨਹੀਂ ਹੈ।

ਇਹ ਖ਼ਬਰਾਂ ਵੀ ਪੜ੍ਹੋ: 

Related Post