6 ਸਾਲਾ ਬੱਚੇ ਨੇ ਕਲਾਸ ਦੌਰਾਨ ਅਧਿਆਪਕਾ ਨੂੰ ਮਾਰੀ ਗੋਲ਼ੀ
ਵਰਜੀਨੀਆ : ਅਮਰੀਕਾ ਦੇ ਵਰਜੀਨੀਆ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 6 ਸਾਲ ਦੇ ਬੱਚੇ ਨੇ ਆਪਣੀ ਜਮਾਤ ਵਿੱਚ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ ਕਲਾਸ 'ਚ ਪੜ੍ਹਾ ਰਹੀ ਅਧਿਆਪਕਾ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਵਰਜੀਨੀਆ ਦੇ ਰਿਚਨੇਕ ਐਲੀਮੈਂਟਰੀ ਸਕੂਲ ਵਿੱਚ ਵਾਪਰੀ। ਹਾਲਾਂਕਿ ਗੋਲੀਬਾਰੀ 'ਚ ਕਿਸੇ ਵਿਦਿਆਰਥੀ ਨੂੰ ਸੱਟ ਨਹੀਂ ਲੱਗੀ।
ਸਥਾਨਕ ਪੁਲਿਸ ਮੁਖੀ ਸਟੀਵ ਡਰਿਊ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਸਿਰਫ਼ 6 ਸਾਲ ਦਾ ਬੱਚਾ ਸੀ। ਪੁਲਿਸ ਨੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਹੋਣ ਵਾਲੀ 30 ਸਾਲਾ ਅਧਿਆਪਕਾ ਹੈ। ਗੋਲੀ ਲੱਗਣ ਕਾਰਨ ਅਧਿਆਪਕਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕੋਈ ਹਾਦਸਾ ਨਹੀਂ ਸੀ।
ਗੋਲੀਬਾਰੀ 'ਚ ਗੰਭੀਰ ਰੂਪ 'ਚ ਜ਼ਖਮੀ ਹੋਈ ਮਹਿਲਾ ਅਧਿਆਪਕਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਇਸ ਘਟਨਾ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਹਿਰ ਦੇ ਸਕੂਲਾਂ ਦੇ ਸੁਪਰਡੈਂਟ, ਜਾਰਜ ਪਾਰਕਰ ਨੇ ਕਿਹਾ: “ਮੈਂ ਹੈਰਾਨ ਹਾਂ ਅਤੇ ਮੈਂ ਨਿਰਾਸ਼ ਹਾਂ। ਸਾਨੂੰ ਇਹ ਯਕੀਨੀ ਬਣਾਉਣ ਲਈ ਭਾਈਚਾਰੇ ਦੇ ਸਮਰਥਨ ਦੀ ਲੋੜ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਲਈ ਬੰਦੂਕਾਂ ਉਪਲਬਧ ਨਾ ਹੋਣ।
ਇਹ ਵੀ ਪੜ੍ਹੋ : ਸਰਦੀ ਦਾ ਕਹਿਰ ਬਰਕਰਾਰ, ਫ਼ਸਲਾਂ ਲਈ ਠੰਢ ਲਾਹੇਵੰਦ ਹੋਣ ਕਾਰਨ ਕਿਸਾਨਾਂ ਦੇ ਖਿੜੇ ਚਿਹਰੇ
ਪਿਛਲੇ ਮਈ ਵਿੱਚ ਇਕ 18 ਸਾਲਾ ਬੰਦੂਕਧਾਰੀ ਨੇ ਟੈਕਸਾਸ ਵਿੱਚ 19 ਬੱਚਿਆਂ ਤੇ ਦੋ ਅਧਿਆਪਕਾਂ ਦੀ ਹੱਤਿਆ ਕਰ ਦਿੱਤੀ ਸੀ। ਰਿਪੋਰਟਾਂ ਮੁਤਾਬਕ ਪਿਛਲੇ ਸਾਲ ਅਮਰੀਕਾ 'ਚ ਬੰਦੂਕ ਦੀ ਗੋਲੀਬਾਰੀ ਕਾਰਨ ਕਰੀਬ 44 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।