Uttrakhand Rain: ਉੱਤਰਾਖੰਡ 'ਚ ਭਾਰੀ ਮੀਂਹ ਕਾਰਨ 52 ਮੌਤਾਂ, 37 ਜ਼ਖਮੀ
Uttrakhand Rain: ਉੱਤਰਾਖੰਡ 'ਚ ਮਾਨਸੂਨ ਦੌਰਾਨ ਭਾਰੀ ਮੀਂਹ ਕਾਰਨ ਹੁਣ ਤੱਕ ਘੱਟੋ-ਘੱਟ 52 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 37 ਦੇ ਕਰੀਬ ਜ਼ਖਮੀ ਹੋ ਚੁੱਕੇ ਹਨ। ਜਿਸ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਉੱਤਰਾਖੰਡ ਵਿੱਚ ਭਾਰੀ ਮਾਨਸੂਨ ਬਾਰਸ਼ ਕਾਰਨ ਹੋਈ ਤਬਾਹੀ ਕਾਰਨ, ਰਾਜ ਨੂੰ ਹੁਣ ਤੱਕ ਲਗਭਗ 650 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਵਿਚ ਆਉਣ ਵਾਲੇ ਦਿਨਾਂ ਵਿਚ ਵਾਧਾ ਹੋ ਸਕਦਾ ਹੈ। ਰਾਜ ਦੇ ਆਫ਼ਤ ਪ੍ਰਬੰਧਨ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਨਾਲ ਸਬੰਧਤ ਆਫ਼ਤਾਂ ਕਾਰਨ ਵੱਖ-ਵੱਖ ਹਾਦਸਿਆਂ ਵਿੱਚ 52 ਲੋਕ ਮਾਰੇ ਗਏ, 37 ਜ਼ਖ਼ਮੀ ਹੋਏ ਅਤੇ 19 ਲਾਪਤਾ ਹੋਏ।
ਵਿਭਾਗ ਨੇ ਕਿਹਾ, "ਮੌਨਸੂਨ ਖ਼ਤਮ ਹੋਣ ਤੋਂ ਬਾਅਦ ਤੁਰੰਤ ਇੱਕ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਆਫ਼ਤ ਤੋਂ ਬਾਅਦ ਰਾਹਤ ਕਾਰਜ ਜਲਦੀ ਪੂਰਾ ਕੀਤਾ ਜਾ ਸਕੇ।"
ਇਸ ਦੌਰਾਨ ਮੁੱਖ ਮੰਤਰੀ ਦੇ ਹੁਕਮਾਂ 'ਤੇ ਜ਼ਰੂਰੀ ਥਾਵਾਂ 'ਤੇ ਐੱਸ.ਡੀ.ਆਰ.ਐੱਫ. ਅਤੇ ਐੱਨ.ਡੀ.ਆਰ.ਐੱਫ. ਤਾਇਨਾਤ ਕਰ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੋ ਹੈਲੀਕਾਪਟਰ ਆਫ਼ਤ ਪ੍ਰਭਾਵਿਤ ਇਲਾਕਿਆਂ ਲਈ ਸਟੈਂਡਬਾਏ 'ਤੇ ਰੱਖੇ ਗਏ ਹਨ।
ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਹਾਦਸੇ ਕਾਰਨ ਕੇਦਾਰਨਾਥ ਮੰਦਿਰ ਵੱਲ ਜਾਣ ਵਾਲਾ ਗੁਪਤਕਾਸ਼ੀ-ਗੌਰੀਕੁੰਡ ਹਾਈਵੇਅ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਸੜਕ ਦਾ ਲਗਭਗ 60 ਮੀਟਰ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਰੁੜ੍ਹ ਗਿਆ। ਪਿਛਲੇ ਕੁਝ ਦਿਨਾਂ ਤੋਂ ਰੁਦਰਪ੍ਰਯਾਗ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ।