Amritsar News : ਸ੍ਰੀ ਗੁਰੂ ਰਾਮਦਾਸ ਜੀ ਦਾ 490ਵਾਂ ਪ੍ਰਕਾਸ਼ ਪੁਰਬ, ਵੱਡੀ ਗਿਣਤੀ ’ਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ

ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਅੱਜ ਸਵੇਰੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ’ਚ ਪਰਸੋਂ ਤੋਂ ਸ਼ੁਰੂ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਦੇਰ ਸ਼ਾਮ ਤੱਕ ਧਾਰਮਿਕ ਦੀਵਾਨ ਸਜਾਏ ਗਏ

By  Aarti October 19th 2024 11:50 AM -- Updated: October 19th 2024 11:51 AM

Amritsar News :  ਅੰਮ੍ਰਿਤਸਰ ਦੇ ਬਾਨੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦਾ 490ਵਾਂ ਪ੍ਰਕਾਸ਼ ਪੁਰਬ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ’ਚ ਪਹੁੰਚੀਆਂ। ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਸਰੋਵਰ ’ਚ ਇਸਨਾਲ ਕੀਤਾ ਅਤੇ 4-5 ਘੰਟੇ ਕਤਾਰਾਂ ’ਚ ਲੱਗ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ। 

ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਅੱਜ ਸਵੇਰੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ’ਚ ਪਰਸੋਂ ਤੋਂ ਸ਼ੁਰੂ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਦੇਰ ਸ਼ਾਮ ਤੱਕ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। 


ਬਾਅਦ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅੱਟਲ ਰਾਏ ਸਾਹਿਬ ਵਿਖੇ ਗੁਰੂ ਸਾਹਿਬਾਨ ਨਾਲ ਸਬੰਧਿਤ ਇਤਿਹਾਸਕ ਤੇ ਬੇਸ਼ਕੀਮਤੀ ਵਸਤਾਂ ਜਿਵੇਂ ਸੋਨੇ ਦੇ ਦਰਵਾਜੇ, ਚਾਂਦੀ ਦੇ ਕਹੀ ਤੇ ਬਾਟੇ, ਸੋਨੇ ਤੇ ਹੀਰੇ ਜੜੇ ਜਵਾਹਰਾਤ ਦੇ ਜਲੌਅ ਸਵੇਰੇ 9 ਵਜੇ ਤੋਂ 12 ਵਜੇ ਤਕ ਸੰਗਤਾਂ ਦੇ ਦਰਸ਼ਨਾਂ ਲਈ ਸਜਾਏ ਗਏ। 

ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ’ਚ ਆਈਆਂ ਸੰਗਤਾਂ ਫੁੱਲਾਂ ਨਾਲ ਸਜਾਏ ਹੋਏ ਸ੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਬਹੁਤ ਹੀ ਖੁਸ਼ ਨਜ਼ਰ ਆਈਆਂ ਅਤੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਮੰਨ ਰਹੀਆਂ ਸਨ ਕਿ ਉਹਨਾਂ ਨੂੰ ਇਸ ਪਾਵਨ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ਼ਾਮ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜੀ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

Related Post