ਅੰਮ੍ਰਿਤਸਰ 'ਚ ਭਾਰਤ-ਪਾਕਿ ਸਰਹੱਦ 'ਤੇ 41 ਕਿਲੋ ਹੈਰੋਇਨ ਬਰਾਮਦ; ਦਰਿਆ ਰਾਵੀ ਦੇ ਜ਼ਰੀਏ ਲਿਆਂਦਾ ਜਾ ਰਿਹਾ ਸੀ ਨਸ਼ਾ
ਅੰਮ੍ਰਿਤਸਰ : STF ਨੇ ਪੰਜਾਬ ਦੇ ਅੰਮ੍ਰਿਤਸਰ 'ਚ ਪਾਕਿਸਤਾਨ ਤੋਂ ਭਾਰਤ ਆਈ 41 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਨਸ਼ਾ ਤਸਕਰ ਰਾਵੀ ਦਰਿਆ ਰਾਹੀਂ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਉਂਦੇ ਸਨ। ਪੁਲਿਸ ਤਸਕਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਐੱਸ.ਟੀ.ਐੱਫ ਨੂੰ ਅੱਧੀ ਰਾਤ ਨੂੰ ਪਾਕਿਸਤਾਨ ਤੋਂ 41 ਕਿਲੋ ਹੈਰੋਇਨ ਆਉਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਏ.ਆਈ.ਜੀ ਐੱਸ.ਟੀ.ਐੱਫ ਦੀ ਨਿਗਰਾਨੀ ਹੇਠ ਇੱਕ ਟੀਮ ਬਣਾਈ ਗਈ। ਰਾਮਦਾਸ ਸੈਕਟਰ 'ਚ ਕਾਰਵਾਈ ਕਰਦੇ ਹੋਏ ਟੀਮ ਨੇ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ।
ਫੜੇ ਗਏ ਤਸਕਰ ਅੰਮ੍ਰਿਤਸਰ ਦੇ ਰਾਮਦਾਸ ਦੇ ਰਹਿਣ ਵਾਲੇ ਹਨ। ਤਸਕਰ ਸਰਹੱਦ ਪਾਰ ਤੋਂ ਲਿਆਂਦੀ ਖੇਪ ਨੂੰ ਲੈ ਕੇ ਜਾ ਰਹੇ ਸਨ। ਮੁੱਢਲੀ ਪੁੱਛਗਿੱਛ 'ਚ ਦੋਸ਼ੀਆਂ ਨੇ ਦੱਸਿਆ ਕਿ ਫਿਰੋਜ਼ਪੁਰ 'ਚ ਫੜੇ ਗਏ ਪਾਕਿਸਤਾਨੀ ਸਮੱਗਲਰਾਂ ਦੀ ਤਰ੍ਹਾਂ ਦਰਿਆਈ ਰਸਤੇ ਰਾਹੀਂ ਉਨ੍ਹਾਂ ਨੂੰ ਖੇਪ ਭੇਜੀ ਜਾ ਰਹੀ ਸੀ।
ਫਿਲਹਾਲ ਅਧਿਕਾਰੀ ਜ਼ਬਤ ਕੀਤੀ ਗਈ ਖੇਪ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ। ਇਹ ਅਗਸਤ ਮਹੀਨੇ ਵਿੱਚ ਫੜੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਹਾਲ ਹੀ ਵਿੱਚ ਬੀ.ਐੱਸ.ਐੱਫ਼ ਅਤੇ ਕਾਊਂਟਰ ਇੰਟੈਲੀਜੈਂਸ ਨੇ ਮਿਲ ਕੇ ਫਿਰੋਜ਼ਪੁਰ ਸੈਕਟਰ ਵਿੱਚ 29 ਕਿਲੋ ਹੈਰੋਇਨ ਜ਼ਬਤ ਕੀਤੀ ਸੀ। ਇਸ ਦੇ ਨਾਲ ਹੀ ਦੋ ਪਾਕਿ ਤਸਕਰ ਵੀ ਫੜੇ ਗਏ, ਜੋ ਕਿ ਡਰੰਮ ਵਿੱਚ ਟਾਇਰ ਪਾ ਕੇ ਸਤਲੁਜ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।