ਅੰਮ੍ਰਿਤਸਰ 'ਚ ਨਸ਼ੇ ਨੇ ਲਈ 30 ਸਾਲਾ ਨੌਜਵਾਨ ਦੀ ਜਾਨ, 5 ਸਾਲ ਦੇ ਬੱਚੇ ਦਾ ਪਿਤਾ ਸੀ ਸੁਖਪ੍ਰੀਤ ਸਿੰਘ
Drug Overdose Death in Amritsar : ਮ੍ਰਿਤਕ ਦੀ ਪਹਿਚਾਣ 30 ਸਾਲਾ ਦੇ ਸੁਖਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਜੋਗਿੰਦਰ ਸਿੰਘ ਵਾਸੀ ਸ਼ੁਭਾਸ਼ ਕਲੋਨੀ ਮੁਸਤਫਾਬਾਦ ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।
Drug Death in Punjab : ਪੰਜਾਬ 'ਚ ਨਸ਼ਿਆਂ ਦੇ ਕਹਿਰ ਨੂੰ ਠੱਲ੍ਹ ਪੈਂਦੀ ਵਿਖਾਈ ਨਹੀਂ ਦੇ ਰਹੀ ਹੈ। ਨਿੱਤ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੋ ਰਹੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਮੁਸਤਫਾਬਾਦ ਦਾ ਹੈ, ਜਿਥੇ ਇੱਕ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਨੌਜਵਾਨ ਇੱਕ ਬੱਚੇ ਦਾ ਪਿਤਾ ਸੀ।
ਜਾਣਕਾਰੀ ਅਨੁਸਾਰ ਹਲਕਾ ਉਤਰੀ ਤੇ ਅਧੀਨ ਆਉਂਦੇ ਇਲਾਕੇ ਸ਼ੁਭਾਸ਼ ਕਲੋਨੀ ਮੁਸਤਫਾਬਾਦ ਵਿੱਚ ਲੰਘੀ ਸ਼ਾਮ ਨਸ਼ੇ ਦੀ ਵੱਧ ਮਾਤਰਾ ਲੈ ਲਏ ਜਾਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 30 ਸਾਲਾ ਦੇ ਸੁਖਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਜੋਗਿੰਦਰ ਸਿੰਘ ਵਾਸੀ ਸ਼ੁਭਾਸ਼ ਕਲੋਨੀ ਮੁਸਤਫਾਬਾਦ ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਇਹ ਨੌਜਵਾਨ ਇੱਕ 5 ਸਾਲ ਦੇ ਬੱਚੇ ਦਾ ਬਾਪ ਸੀ ਤੇ ਮਜੀਠਾ ਰੋਡ ਵਿਖੇ ਇੱਕ ਨਿੱਜੀ ਕੱਪੜੇ ਦੀ ਫੈਕਟਰੀ ਵਿੱਚ ਮਿਹਨਤ ਮਜ਼ਦੂਰੀ ਕਰਨ ਦੇ ਨਾਲ ਨਾਲ ਨਸ਼ੇ ਦਾ ਆਦੀ ਹੋਣ ਕਰਕੇ ਉਸਨੇ ਅੱਜ ਕੰਮ ਤੋਂ ਛੁੱਟੀ ਕਰ ਲਈ ਅਤੇ ਬਾਅਦ ਦੁਪਹਿਰ ਸਮੇਂ ਦੋਸਤਾਂ ਨਾਲ ਨਸ਼ਾ ਕੀਤਾ। ਉਪਰੰਤ ਸ਼ਾਮ ਨੂੰ ਕੈਮੀਕਲ ਵਾਲੇ ਨਸ਼ੇ ਦੀ ਜਿਆਦਾ ਮਾਤਰਾ ਲੈ ਲਏ ਜਾਣ ਨਾਲ ਉਸਦੀ ਹਾਲਤ ਵਿਗੜ ਗਈ ਤੇ ਜਿਸਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ।