ਭ੍ਰਿਸ਼ਟਾਚਾਰ ਮਾਮਲੇ ਚ PSEB ਦੇ 3 ਮੁਲਾਜ਼ਮ ਮੁਅੱਤਲ, ਜਾਣੋ ਪੂਰਾ ਮਾਮਲਾ
ਪੜਤਾਲ ਰਿਪੋਰਟ ਵਿਚ ਨਾਮਜ਼ਦ ਹੋਏ ਬੋਰਡ ਦੇ ਕਰਮਚਾਰੀਆਂ ਪਰਵਿੰਦਰ ਸਿੰਘ, ਸੀਨੀਅਰ ਸਹਾਇਕ, ਰਣਜੀਤ ਸਿੰਘ: 1 ਅਤੇ ਰਾਜਿੰਦਰ ਸਿੰਘ ਹੈਲਪਰਜ਼ ਸਰਟੀਫਿਕੇਟ ਸ਼ਾਖਾ ਨੂੰ ਤੁਰੰਤ ਪ੍ਰਭਾਵ ਨਾਲ ਬੋਰਡ ਦੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਪੰਜਾਬ ਫਾਰਮੇਸੀ ਕੌਂਸਲ ਵੱਲੋਂ 4 ਮਾਰਚ 2024 ਨੂੰ ਪੱਤਰ ਰਾਹੀਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦਫ਼ਤਰ ਦੇ ਧਿਆਨ 'ਚ ਲਿਆਂਦਾ ਗਿਆ ਕਿ ਉਨ੍ਹਾਂ ਵੱਲੋਂ 2 ਉਮੀਦਵਾਰਾਂ ਦੇ ਸਰਟੀਫਿਕੇਟ ਵੈਰੀਫਾਈ ਕਰਨ ਲਈ ਬੋਰਡ ਨੂੰ ਸਾਲ 2023 'ਚ ਭੇਜੇ ਗਏ ਸਨ, ਜਿਸ ਦੀਆਂ ਬੋਰਡ ਨੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨਾਂ ਦੀਆਂ ਵੱਖ ਵੱਖ ਸਮੇਂ 'ਤੇ ਦੋ ਰਿਪੋਰਟਾਂ ਭੇਜੀਆਂ ਗਈਆਂ ਸਨ, ਜਿਨ੍ਹਾਂ ਦੋਵਾਂ ਵਿੱਚ ਭਾਰੀ ਅੰਤਰ ਸੀ। ਪਹਿਲੀ ਰਿਪੋਰਟ 'ਚ ਸਰਟੀਫਿਕੇਟਾਂ ਨੂੰ ਸਹੀ ਦੱਸਿਆ ਗਿਆ ਅਤੇ ਦੂਜੀ ਰਿਪੋਰਟ ਵਿੱਚ ਸਰਟੀਫਿਕੇਟ ਜਾਅਲੀ ਹੋਣ ਬਾਰੇ ਕਿਹਾ ਗਿਆ ਸੀ।
ਉਪਰੰਤ ਪੰਜਾਬ ਫਾਰਮੇਸੀ ਕੈਂਸਲ (Punjab Pharmacy Council) ਵੱਲੋਂ ਭੇਜੇ ਪੱਤਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲੇ ਦੀ ਮੁੱਢਲੀ ਪੜਤਾਲ ਸੰਯੁਕਤ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਪਾਸੋਂ ਕਰਵਾਈ ਗਈ। ਪੜਤਾਲ ਅਫ਼ਸਰ ਵੱਲੋਂ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਕੇਸ ਨਾਲ ਸਬੰਧਤ ਬੋਰਡ ਦਫ਼ਤਰ ਦੇ ਕਰਮਚਾਰੀਆਂ ਦੇ ਬਿਆਨਾਂ ਦੇ ਆਧਾਰ 'ਤੇ ਪੇਸ਼ ਕੀਤੀ ਗਈ ਪੜਤਾਲ ਰਿਪੋਰਟ ਅਨੁਸਾਰ ਹਵਾਲੇ ਅਧੀਨ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਵਿਚ ਵੱਡੇ ਪੱਧਰ ਤੇ ਖਾਮੀਆਂ ਪਾਈਆਂ ਗਈਆਂ ਹਨ ਅਤੇ ਕੇਸ ਨਾਲ ਸਬੰਧਤ ਰਿਕਾਰਡ ਨਾਲ ਛੇੜਛਾੜ ਕੀਤੀ ਹੋਈ ਪਾਈ ਗਈ ਹੈ।
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੜਤਾਲ ਰਿਪੋਰਟ ਵਿਚ ਨਾਮਜ਼ਦ ਹੋਏ ਬੋਰਡ ਦੇ ਕਰਮਚਾਰੀਆਂ ਪਰਵਿੰਦਰ ਸਿੰਘ, ਸੀਨੀਅਰ ਸਹਾਇਕ, ਰਣਜੀਤ ਸਿੰਘ: 1 ਅਤੇ ਰਾਜਿੰਦਰ ਸਿੰਘ ਹੈਲਪਰਜ਼ ਸਰਟੀਫਿਕੇਟ ਸ਼ਾਖਾ ਨੂੰ ਤੁਰੰਤ ਪ੍ਰਭਾਵ ਨਾਲ ਬੋਰਡ ਦੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਕੇਸ ਵਿੱਚ ਸ਼ਾਮਲ ਜਗਤਾਰ ਸਿੰਘ ਦਿਹਾੜੀਦਾਰ ਸਰਟੀਫਿਕੇਟ ਸ਼ਾਖਾ, ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਉਸਦਾ ਹੈੱਡ-ਕੁਆਟਰ ਖੇਤਰੀ ਦਫ਼ਤਰ, ਰੂਪਨਗਰ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਇਸ ਸਬੰਧੀ ਮੁਹਾਲੀ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਜਾ ਰਿਹਾ ਹੈ।