ਲੁਧਿਆਣਾ : ਐੱਸਟੀਐਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਕੀਤੀ ਗਈ ਨਾਕੇਬੰਦੀ ਦੌਰਾਨ 1 ਕਾਰ ਸਵਾਰ 3 ਮੁਲਜ਼ਮਾਂ ਕੋਲੋਂ 3 ਕਿਲੋ 340 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੀਬ 18 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪ੍ਰੈਸ ਕਾਨਫਰੰਸ ਦੇ ਦੌਰਾਨ ਐੱਸਟੀਐਫ ਲੁਧਿਆਣਾ ਰੇਂਜ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ਉਤੇ ਲਾਡੋਵਾਲ ਨਜ਼ਦੀਕ ਕੀਤੀ ਗਈ ਨਾਕੇਬੰਦੀ ਦੌਰਾਨ ਜਦੋਂ ਇਕ ਕਾਰ ਸਵਾਰ 3 ਮੁਲਜ਼ਮਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੀ ਕਾਰ ਦੇ ਡਰਾਈਵਰ ਸੀਟ ਹੇਠੋਂ 3 ਕਿਲੋ 340 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ : ਪੁਲਿਸ ਦੀ ਕ੍ਰੇਨ ਨੇ CM ਜਗਨਮੋਹਨ ਰੈੱਡੀ ਦੀ ਭੈਣ ਸ਼ਰਮੀਲਾ ਰੈੱਡੀ ਨੂੰ ਕਾਰ ਸਮੇਤ ਚੁੱਕਿਆ
ਫੜੇ ਗਏ ਮੁਲਜ਼ਮਾਂ ਦੀ ਪਛਾਣ ਵਿਕਾਸ ਗੁਪਤਾ ਉਰਫ਼ ਬੰਟੀ, ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਤੇ ਮਨਮਿੰਦਰ ਸਿੰਘ ਉਰਫ਼ ਮਨੀ ਦੇ ਰੂਪ 'ਚ ਹੋਈ ਹੈ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ ਅਤੇ ਮੁਲਜ਼ਮ ਮਨਮਿੰਦਰ ਸਿੰਘ ਉਰਫ਼ ਮਨੀ ਖੁਦ ਵੀ ਨਸ਼ਾ ਸੇਵਨ ਕਰਨ ਦਾ ਆਦੀ ਹੈ। ਹੁਣ ਪੁਲਿਸ ਫੜੇ ਗਏ ਮੁਲਜ਼ਮਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਮੁਲਜ਼ਮ ਨਸ਼ਾ ਕਿੱਥੋਂ ਲਿਆਂਦੇ ਸਨ ਤੇ ਕਿੱਥੇ ਕਿੱਥੇ ਸਪਲਾਈ ਕਰਦੇ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।