ਚੰਡੀਗੜ੍ਹ 'ਚ ਵੈਲੇਨਟਾਈਨ ਡੇਅ 'ਤੇ ਛੇੜਛਾੜ ਦੀਆਂ ਘਟਨਾਵਾਂ ਨੂੰ ਰੋਕਣ ਲਈ 290 ਪੁਲਿਸ ਮੁਲਾਜ਼ਮ ਤਾਇਨਾਤ
ਚੰਡੀਗੜ੍ਹ : ਚੰਡੀਗੜ੍ਹ 'ਚ ਪੁਲਿਸ ਨੇ ਵੈਲੇਨਟਾਈਨ ਡੇਅ ਦੌਰਾਨ ਕੋਈ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਮਰਕੱਸ ਲਈ ਹੈ। ਪੁਲਿਸ ਨੇ ਵੀ ਵੈਲੇਨਟਾਈਨ ਡੇ ਨੂੰ ਲੈ ਕੇ ਕਈ ਪ੍ਰਬੰਧ ਕੀਤੇ ਹਨ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਹਿਰ 'ਚ 290 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਨ੍ਹਾਂ 'ਚ 5 ਡੀਐਸਪੀ, 16 ਐਸਐਚਓ, 10 ਪੁਲਿਸ ਚੌਕੀ ਇੰਚਾਰਜ ਤੇ 4 ਇੰਸਪੈਕਟਰ ਹੋਣਗੇ।
ਉਹ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਤਾਇਨਾਤ ਰਹਿਣਗੇ। ਇਸ ਦੌਰਾਨ ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖੀ ਜਾਵੇਗੀ। ਸਾਰੇ ਥਾਣਿਆਂ ਤੋਂ 104 NGO/OR ਅਤੇ ਹੋਰ ਇਕਾਈਆਂ ਤੋਂ 150 NGO/OR ਵੀ ਸ਼ਹਿਰ 'ਚ ਉਤਰਨਗੇ। ਇਸ ਤੋਂ ਇਲਾਵਾ ਸ਼ਹਿਰ ਦੇ ਬਾਜ਼ਾਰਾਂ 'ਚ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਵਿਸ਼ੇਸ਼ ਗਸ਼ਤ ਚੱਲੇਗੀ। ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਸ਼ਹਿਰ 'ਚ ਅੰਦਰੂਨੀ ਨਾਕੇ ਵੀ ਲਗਾਏ ਜਾਣਗੇ।
ਰੇਲ ਮਾਰਗ 'ਤੇ ਵੀ ਪੁਲਿਸ ਤਾਇਨਾਤ ਰਹੇਗੀ। ਇਨ੍ਹਾਂ 'ਚ ਸੈਕਟਰ 11/12 ਤੋਂ ਸੈਕਟਰ 10 ਲੀਜ਼ਰ ਵੈਲੀ, ਪੰਜਾਬ 'ਵਰਸਿਟੀ, ਸੈਕਟਰ 14 ਅਤੇ 25 ਅਤੇ ਇਸ ਦੇ ਆਲੇ-ਦੁਆਲੇ ਦੀਆਂ ਸੜਕਾਂ ਉਤੇ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ। ਸਾਰੇ ਪੀਸੀਆਰ ਵਾਹਨ ਸ਼ਹਿਰ 'ਚ ਗਸ਼ਤ ਕਰਨਗੇ। ਲੜਕੀਆਂ ਦੇ ਕਾਲਜਾਂ ਦੇ ਬਾਹਰ ਪੁਲਿਸ ਦੀ ਹੋਰ ਤਾਇਨਾਤੀ ਹੋਵੇਗੀ। ਸ਼ਹਿਰ ਦੇ ਪਾਰਕਾਂ, ਮਾਲਾਂ, ਝੀਲਾਂ, ਪਲਾਜ਼ਿਆਂ ਤੇ ਕਾਲਜਾਂ ਦੇ ਬਾਹਰ ਸਿਵਲ ਕੱਪੜਿਆਂ 'ਚ ਪੁਲਿਸ ਤਾਇਨਾਤ ਰਹੇਗੀ।
ਇਹ ਵੀ ਪੜ੍ਹੋ : ਪੁਲਵਾਮਾ ਹਮਲੇ ਦੀ ਚੌਥੀ ਬਰਸੀ ਅੱਜ, ਸ਼ਹੀਦ ਹੋਏ 40 ਜਵਾਨਾਂ ਨੂੰ ਲੈਥਪੋਰਾ 'ਚ ਦਿੱਤੀ ਜਾਵੇਗੀ ਸ਼ਰਧਾਂਜਲੀ
ਇਹ ਹੁਕਮ ਡੀਨ ਵਿਦਿਆਰਥੀ ਭਲਾਈ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਦਫ਼ਤਰ ਤੋਂ ਜਾਰੀ ਕੀਤੇ ਗਏ ਹਨ। ਪੰਜਾਬ ਯੂਨੀਵਰਸਿਟੀ ਕੈਂਪਸ 'ਚ ਦਾਖ਼ਲਾ ਗੇਟ ਨੰਬਰ 2 (ਸੈਕਟਰ 14/15 ਲਾਈਟ ਪੁਆਇੰਟ) ਤੋਂ ਹੋਵੇਗਾ। ਜਦੋਂ ਕਿ ਗੇਟ ਨੰਬਰ 1 ਅਤੇ 3 ਸਵੇਰੇ 9.30 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗਾ। ਵਿਦਿਆਰਥੀਆਂ ਸਮੇਤ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਨੂੰ ਆਪਣੇ ਸ਼ਨਾਖਤੀ ਕਾਰਡ ਲਿਆਉਣੇ ਹੋਣਗੇ।