ਬੁੱਢੇ ਦੇ ਭੇਸ 'ਚ ਕੈਨੇਡਾ ਜਾ ਰਿਹਾ ਸੀ 24 ਸਾਲ ਦਾ ਮੁੰਡਾ, ਦਿੱਲੀ ਹਵਾਈ ਅੱਡੇ 'ਤੇ ਅਧਿਕਾਰੀਆਂ ਨੇ ਦਬੋਚਿਆ

IGI Airport Delhi : ਵਿਅਕਤੀ ਦੇ ਪਾਸਪੋਰਟ ਵਿੱਚ ਦਰਜ ਜਨਮ ਤਰੀਕ ਅਨੁਸਾਰ ਉਸ ਦੀ ਉਮਰ 67 ਸਾਲ ਹੈ। ਪਰ, ਉਸਦੀ ਉਮਰ ਚਿਹਰੇ ਤੋਂ ਬਹੁਤ ਛੋਟੀ ਲੱਗਦੀ ਹੈ। ਗੱਲਬਾਤ ਦੌਰਾਨ CISF ਨੂੰ ਉਸ ਵਿਅਕਤੀ ਦੀ ਆਵਾਜ਼ ਨੌਜਵਾਨ ਵਰਗੀ ਜਾਪੀ।

By  KRISHAN KUMAR SHARMA June 19th 2024 06:14 PM -- Updated: June 19th 2024 06:16 PM

IGI Airport Delhi : ਸੀਆਈਐਸਐਫ (CISF) ਨੇ ਪ੍ਰੋਫਾਈਲਿੰਗ ਦੇ ਆਧਾਰ 'ਤੇ ਭੇਸ ਬਦਲ ਕੇ ਵਿਦੇਸ਼ ਜਾ ਰਹੇ ਇੱਕ ਨੌਜਵਾਨ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫੜਿਆ ਹੈ। ਨੌਜਵਾਨ ਦੀ ਪਛਾਣ 24 ਸਾਲਾ ਗੁਰੂ ਸੇਵਕ ਸਿੰਘ ਵਜੋਂ ਹੋਈ ਹੈ। CISF ਨੇ ਉਸ ਨੂੰ ਕਾਰਵਾਈ ਲਈ IGI Airport ਪੁਲਿਸ ਨੂੰ ਸੌਂਪ ਦਿੱਤਾ ਹੈ।

ਸੀਆਈਐਸਐਫ ਮੁਤਾਬਕ ਘਟਨਾ 18 ਜੂਨ ਦੀ ਸ਼ਾਮ ਕਰੀਬ 5:20 ਵਜੇ ਵਾਪਰੀ। ਟਰਮੀਨਲ-3 'ਤੇ ਤਾਇਨਾਤ ਸੀਆਈਐਸਐਫ ਪ੍ਰੋਫਾਈਲਿੰਗ ਟੀਮ ਨੇ ਜਦੋਂ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਲਈ ਰੋਕਿਆ ਤਾਂ ਇਸ ਦੌਰਾਨ ਉਕਤ ਵਿਅਕਤੀ ਨੇ ਆਪਣਾ ਨਾਂ ਰਸ਼ਵਿੰਦਰ ਸਿੰਘ ਸਹੋਤਾ ਦੱਸਿਆ, ਜਿਸ ਨੇ ਰਾਤ 10:50 ਵਜੇ ਏਅਰ ਕੈਨੇਡਾ ਦੀ ਫਲਾਈਟ ਰਾਹੀਂ ਕੈਨੇਡਾ ਲਈ ਰਵਾਨਾ ਹੋਣਾ ਸੀ।

ਸਬੂਤ ਵਜੋਂ ਇਸ ਵਿਅਕਤੀ ਨੇ ਸੀਆਈਐਸਐਫ ਨੂੰ ਆਪਣਾ ਪਾਸਪੋਰਟ ਅਤੇ ਕੈਨੇਡੀਅਨ ਟਿਕਟ ਵੀ ਦਿਖਾਈ। ਪਰ ਪਾਸਪੋਰਟ ਦੀ ਵੈਰੀਫਿਕੇਸ਼ਨ ਦੌਰਾਨ ਪਤਾ ਲੱਗਾ ਕਿ ਇਸ ਵਿਅਕਤੀ ਦੇ ਪਾਸਪੋਰਟ ਵਿੱਚ ਦਰਜ ਜਨਮ ਤਰੀਕ ਅਨੁਸਾਰ ਉਸ ਦੀ ਉਮਰ 67 ਸਾਲ ਹੈ। ਪਰ, ਉਸਦੀ ਉਮਰ ਚਿਹਰੇ ਤੋਂ ਬਹੁਤ ਛੋਟੀ ਲੱਗਦੀ ਹੈ। ਗੱਲਬਾਤ ਦੌਰਾਨ CISF ਨੂੰ ਉਸ ਵਿਅਕਤੀ ਦੀ ਆਵਾਜ਼ ਨੌਜਵਾਨ ਵਰਗੀ ਜਾਪੀ।

ਜਦੋਂ ਅਧਿਕਾਰੀਆਂ ਨੇ ਵਿਅਕਤੀ ਦੇ ਚਿਹਰੇ ਦੀ ਚਮੜੀ ਨੂੰ ਨੇੜਿਓਂ ਦੇਖਿਆ ਤਾਂ ਸ਼ੱਕ, ਯਕੀਨ ਵਿੱਚ ਹੋ ਗਿਆ ਕਿ ਕਿ ਜ਼ਰੂਰ ਕੁਝ ਗੜਬੜ ਹੈ, ਜਿਸ ਤੋਂ ਬਾਅਦ CISF ਨੇ ਇਸ ਵਿਅਕਤੀ ਤੋਂ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਉਪਰੰਤ ਸਾਹਮਣੇ ਆਇਆ ਕਿ ਨੌਜਵਾਨ ਨੇ ਆਪਣੇ ਵਾਲ ਅਤੇ ਦਾੜ੍ਹੀ ਨੂੰ ਸਫੈਦ ਰੰਗ ਕੀਤਾ ਹੋਇਆ ਸੀ ਅਤੇ ਬੁੱਢਾ ਦਿਖਣ ਲਈ ਐਨਕਾਂ ਵੀ ਪਹਿਨੀਆਂ ਹੋਈਆਂ ਸਨ। ਉਸ ਦੇ ਮੋਬਾਈਲ ਦੀ ਜਾਂਚ ਦੌਰਾਨ ਸਾਰਾ ਮਾਮਲਾ ਸਾਹਮਣੇ ਆ ਗਿਆ।

ਦਰਅਸਲ, ਜਾਂਚ ਦੌਰਾਨ ਉਸ ਦੇ ਮੋਬਾਈਲ ਤੋਂ ਪਾਸਪੋਰਟ ਦੀ ਸਾਫਟ ਕਾਪੀ ਮਿਲੀ, ਜਿਸ ਵਿਚ ਉਸ ਦਾ ਨਾਂ ਗੁਰਸੇਵਕ ਸਿੰਘ ਅਤੇ ਉਸ ਦੀ ਉਮਰ 24 ਸਾਲ ਦੱਸੀ ਗਈ ਹੈ। ਇਸ ਤੋਂ ਬਾਅਦ ਮੁੰਡੇ ਨੇ ਦੱਸਿਆ ਕਿ ਉਸਦਾ ਅਸਲੀ ਨਾਮ ਗੁਰਸੇਵਕ ਸਿੰਘ ਹੈ। ਉਸ ਨੇ ਕੈਨੇਡਾ ਜਾਣ ਲਈ ਬਜ਼ੁਰਗ ਦਾ ਭੇਸ ਬਣਾ ਲਿਆ ਸੀ। ਇਸ ਤੋਂ ਬਾਅਦ CISF ਨੇ ਆਪਣੇ ਕਬਜ਼ੇ 'ਚੋਂ ਬਰਾਮਦ ਕੀਤੇ ਦੋਵੇਂ ਪਾਸਪੋਰਟ ਦਿੱਲੀ ਪੁਲਿਸ ਨੂੰ ਸੌਂਪ ਦਿੱਤੇ ਹਨ।

Related Post