Drug Overdose : ਪੰਜਾਬ 'ਚ ਨਸ਼ੇ ਦਾ ਕਹਿਰ, ਅੰਮ੍ਰਿਤਸਰ 'ਚ ਨਸ਼ੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ਼, 22 ਸਾਲ ਦੇ ਸਨ ਦੋਵੇਂ ਨੌਜਵਾਨ
Drug Overdose Death in Punjab : ਦੋਵੇਂ ਨੌਜਵਾਨਾਂ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਮੌਤ ਓਵਰਡੋਜ਼ ਕਾਰਨ ਹੋ ਗਈ। ਨੌਜਵਾਨਾਂ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਅਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
Amritsar News : ਪੰਜਾਬ 'ਚ ਨਸ਼ਿਆਂ ਦੇ ਕਹਿਰ ਨੂੰ ਠੱਲ੍ਹ ਨਹੀਂ ਪੈ ਰਹੀ ਹੈ ਅਤੇ ਇਹ ਨਿੱਤ ਮਾਪਿਆਂ ਦੇ ਪੁੱਤਾਂ ਨੂੰ ਨਿਗਲ ਰਿਹਾ ਹੈ। ਤਾਜ਼ਾ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਹਫ਼ਤੇ ਦੌਰਾਨ ਪਿੰਡ ਕੰਦੋਵਾਲੀ 'ਚ ਦੋ ਘਰਾਂ 'ਚ ਨਸ਼ੇ ਨੇ ਸੱਥਰ ਵਿਛਾ ਦਿੱਤੇ ਹਨ। ਦੋਵੇਂ ਨੌਜਵਾਨਾਂ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਮੌਤ ਓਵਰਡੋਜ਼ ਕਾਰਨ ਹੋ ਗਈ। ਨੌਜਵਾਨਾਂ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਅਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅੰਮ੍ਰਿਤਪਾਲ ਸਿੰਘ 22 ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ ਨਸ਼ੇ ਦਾ ਟੀਕਾ ਲਗਾ ਕੇ ਘਰ ਆਇਆ ਅਤੇ ਸੌਂ ਗਿਆ। ਜਦੋਂ ਸ਼ਾਮ ਨੂੰ 6 ਵਜੇ ਅਸੀਂ ਉਸ ਨੂੰ ਉਠਾਉਂਦੇ ਰਹੇ ਪਰ ਉਹ ਨਹੀਂ ਉੱਠਿਆ ਤੇ ਉਸ ਦੀ ਮੌਤ ਹੋ ਚੁੱਕੀ ਸੀ।
ਉਧਰ, ਸੁਖਮਨਪ੍ਰੀਤ ਸਿੰਘ 22 ਦੇ ਚਾਚਾ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਸੁਖਮਨਪ੍ਰੀਤ ਵੀ ਨਸ਼ੇ ਦਾ ਆਦੀ ਸੀ ਤੇ ਘਰਦਿਆਂ ਤੋਂ ਚੋਰੀ ਚਿੱਟਾ ਲਾਉਂਦਾ ਸੀ, ਜਿਸ ਨਾਲ ਉਸ ਦੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਸੁਖਮਨਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਕਾਰਨ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਬਹੁਤ ਸਾਰੇ ਨੌਜਵਾਨ ਨਸ਼ੇ ਦੇ ਆਦੀ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ੇ ਨੂੰ ਖਤਮ ਕਰਨ ਵਾਸਤੇ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਦੀਆਂ ਨਿੱਤ ਹੋ ਰਹੀਆਂ ਮੌਤਾਂ ਰੁਕ ਸਕਣ।