SBI ਦੇ ਗਬਨ ਮਾਮਲੇ 'ਚ 2 ਕਾਰੋਬਾਰੀ ਗ੍ਰਿਫ਼ਤਾਰ, ਮਿਲਿਆ 7 ਦਿਨ ਦਾ ਰਿਮਾਂਡ

By  Pardeep Singh November 11th 2022 10:25 AM -- Updated: November 11th 2022 10:30 AM

ਲੁਧਿਆਣਾ:  ਜ਼ਿਲ੍ਹਾ ਲੁਧਿਆਣਾ ਦੀ ਭਾਰਤ ਬਾਕਸ ਫੈਕਟਰੀ ਲਿਮਟਿਡ ਕੰਪਨੀ ਦੇ ਦੋ ਸਾਬਕਾ ਡਾਇਰੈਕਟਰਾਂ ਪ੍ਰਵੀਨ ਅਗਰਵਾਲ ਅਤੇ ਅਨਿਲ ਕੁਮਾਰ ਨੂੰ ਸੀਬੀਆਈ ਨੇ ਜੰਮੂ ਦੇ ਕਠੂਆ ਤੋਂ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਨੇ ਬੈਂਕ ਗਬਨ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੂੰ ਜੰਮੂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀਬੀਆਈ ਨੇ ਮੁਲਜ਼ਮਾਂ ਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਫੜੇ ਗਏ ਮੁਲਜ਼ਮਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਐਸਬੀਆਈ ਬੈਂਕ ਦੀ ਲੁਧਿਆਣਾ ਸ਼ਾਖਾ ਨਾਲ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ 87.88 ਕਰੋੜ ਰੁਪਏ ਦਾ ਘੁਟਾਲਾ ਕੀਤੀ ਹੈ। ਇਸ ਮਾਮਲੇ ਦੇ ਆਧਾਰ 'ਤੇ ਸੀ.ਬੀ.ਆਈ. ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਬੀਆਈ ਦੇ ਬੁਲਾਰੇ ਅਨੁਸਾਰ ਸਟੇਟ ਬੈਂਕ ਆਫ਼ ਲੁਧਿਆਣਾ ਸ਼ਾਖਾ ਦੀ ਸ਼ਿਕਾਇਤ 'ਤੇ ਸਾਲ 2020 ਵਿੱਚ ਭਾਰਤ ਪੇਪਰਜ਼ ਮਿੱਲ ਅਤੇ ਇਸ ਦੇ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰਾਂ ਅਤੇ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਕੰਪਨੀ ਦੇ ਤਤਕਾਲੀ ਡਾਇਰੈਕਟਰਾਂ ਅਨਿਲ ਕੁਮਾਰ ਅਤੇ ਪ੍ਰਵੀਨ ਅਗਰਵਾਲ ਨੂੰ ਵੀ ਇਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਰਤ ਪੇਪਰ ਮਿੱਲ ਲੰਗੇਟ, ਕਠੂਆ ਵਿੱਚ 400 ਕਨਾਲ ਜ਼ਮੀਨ ਵਿੱਚ ਸਥਿਤ ਦੱਸੀ ਜਾਂਦੀ ਹੈ।

ਇਹ ਯੂਨਿਟ ਕਰੀਬ 16 ਸਾਲ ਪਹਿਲਾਂ ਮੰਦੀ ਕਾਰਨ ਬੰਦ ਹੋ ਗਿਆ ਸੀ ਅਤੇ ਇਸ ਦੀ ਮਸ਼ੀਨਰੀ ਵੀ ਵਿਕ ਚੁੱਕੀ ਹੈ। ਹਾਲਾਂਕਿ ਕਈ ਸਾਲ ਪਹਿਲਾਂ ਕੰਪਨੀ ਦੇ ਡਿਫਾਲਟਰ ਹੋਣ ਤੋਂ ਬਾਅਦ ਬੈਂਕ ਨੇ ਇਹ ਜ਼ਮੀਨ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਸਾਲ 2006 ਵਿੱਚ ਕੰਪਨੀ ਨੇ ਪਹਿਲੇ ਪੜਾਅ ਵਿੱਚ ਕਰੀਬ 200 ਕਰੋੜ ਅਤੇ ਦੂਜੇ ਪੜਾਅ ਵਿੱਚ 200 ਕਰੋੜ ਰੁਪਏ ਨਿਵੇਸ਼ ਕਰਨ ਦਾ ਦਾਅਵਾ ਕੀਤਾ ਸੀ ਪਰ ਦੋ ਸਾਲਾਂ ਵਿੱਚ ਹੀ ਕੰਪਨੀ ਨੇ ਕਠੂਆ ਯੂਨਿਟ ਨੂੰ ਤਾਲਾ ਲਾ ਦਿੱਤਾ।

ਇਸ ਪ੍ਰਾਜੈਕਟ ਨੂੰ ਚਲਾਉਣ ਲਈ ਲੁਧਿਆਣਾ ਸਥਿਤ ਸਟੇਟ ਬੈਂਕ ਦੀ ਸ਼ਾਖਾ ਤੋਂ ਕਰਜ਼ਾ ਲਿਆ ਗਿਆ। ਕੰਪਨੀ ਦੀ ਸਾਂਬਾ ਦੇ ਉਦਯੋਗਿਕ ਖੇਤਰ ਵਿੱਚ ਵੀ ਇਕ ਯੂਨਿਟ ਹੈ। ਬੈਂਕ ਦਾ ਦੋਸ਼ ਹੈ ਕਿ ਇਹ ਧੋਖਾਧੜੀ SBI ਦੇ ਅਣਪਛਾਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਕਰੀਬ 121.13 ਕਰੋੜ ਰੁਪਏ ਦੇ ਵਿਆਜ ਸਮੇਤ 87.88 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ।

ਰਿਪੋਰਟ-ਨਵੀਨ ਸ਼ਰਮਾ 

Related Post