ਨੀਰਜ ਚੋਪੜਾ ਫਿਰ ਬਣਿਆ ਗੋਲਡਨ ਬੁਆਏ, ਕਿਸ਼ੋਰ ਜੇਨਾ ਨੇ ਜਿੱਤਿਆ ਚਾਂਦੀ

By  Jasmeet Singh October 4th 2023 07:11 PM -- Updated: October 4th 2023 07:13 PM

19th Asian Games: ਭਾਰਤ ਨੇ ਏਸ਼ੀਆਈ ਖੇਡਾਂ 2023 ਦੇ ਪੁਰਸ਼ ਜੈਵਲਿਨ ਥਰੋਅ ਮੁਕਾਬਲੇ ਵਿੱਚ ਸੋਨ ਅਤੇ ਚਾਂਦੀ ਦੇ ਦੋਵੇਂ ਤਗਮੇ ਜਿੱਤ ਲਏ ਹਨ। ਸਟਾਰ ਅਥਲੀਟ ਨੀਰਜ ਚੋਪੜਾ ਨੇ ਸੋਨ ਤਗਮਾ ਜਿੱਤਿਆ ਜਦਕਿ ਕਿਸ਼ੋਰ ਕੁਮਾਰ ਜੇਨਾ ਨੇ ਚਾਂਦੀ ਦਾ ਤਗਮਾ ਆਪਣੇ ਨਾਂਅ ਕਰ ਲਿਆ ਹੈ। 

ਇਕ ਸਮਾਂ ਸੀ ਜਦੋਂ ਕਿਸ਼ੋਰ ਇਸ ਈਵੈਂਟ 'ਚ ਨੀਰਜ ਤੋਂ ਅੱਗੇ ਸਨ ਪਰ ਇਸ ਤੋਂ ਬਾਅਦ ਨੀਰਜ ਨੇ ਵਾਪਸੀ ਕੀਤੀ ਅਤੇ ਫਿਰ ਕੋਈ ਉਨ੍ਹਾਂ ਦੇ ਨੇੜੇ ਨਹੀਂ ਆ ਸਕਿਆ। ਨੀਰਜ ਚੋਪੜਾ ਨੇ 88.88 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ, ਜਦਕਿ ਕਿਸ਼ੋਰ ਨੇ 87.54 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਸ ਈਵੈਂਟ ਦਾ ਕਾਂਸੀ ਦਾ ਤਗਮਾ ਜਾਪਾਨ ਦੇ ਡੀਨ ਰੋਡਰਿਕ ਗੇਨਕੀ ਦੇ ਨਾਮ ਰਿਹਾ। 

ਪਾਕਿਸਤਾਨ ਦੇ ਯਾਸਿਰ ਮੁਹੰਮਦ ਚੌਥੇ ਸਥਾਨ 'ਤੇ ਰਹੇ। ਨੀਰਜ ਚੋਪੜਾ ਨੇ ਇਸ ਸੀਜ਼ਨ ਦਾ ਆਪਣਾ ਸਰਵੋਤਮ ਥਰੋਅ ਸੁੱਟਿਆ, ਜਦਕਿ ਕਿਸ਼ੋਰ ਕੁਮਾਰ ਜੇਨਾ ਦਾ ਨਿੱਜੀ ਸਰਵੋਤਮ ਥਰੋਅ ਸੀ।

ਨੀਰਜ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਤਗਮੇ ਦੇ ਸਭ ਤੋਂ ਵੱਡੇ ਦਾਅਵੇਦਾਰ ਹਨ, ਕਿਉਂਕਿ ਪਾਕਿਸਤਾਨ ਦੇ ਅਰਸ਼ਦ ਨਦੀਮ ਗੋਡੇ ਦੀ ਪੁਰਾਣੀ ਸੱਟ ਕਾਰਨ ਇਨ੍ਹਾਂ ਖੇਡਾਂ ਤੋਂ ਹਟ ਗਏ ਹਨ। ਨਦੀਮ ਨੇ ਕਈ ਈਵੈਂਟਸ 'ਚ ਨੀਰਜ ਨੂੰ ਸਖਤ ਮੁਕਾਬਲਾ ਦਿੱਤਾ। ਨਦੀਮ ਨੇ ਵਿਸ਼ਵ ਚੈਂਪੀਅਨਸ਼ਿਪ 2023 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਨੀਰਜ ਨੇ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਸੀ। ਉਹ ਵਿਸ਼ਵ ਚੈਂਪੀਅਨਸ਼ਿਪ ਦੇ 40 ਸਾਲਾਂ ਦੇ ਇਤਿਹਾਸ ਵਿੱਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਹਨ। ਵੈਸੇ ਨੀਰਜ ਨੇ ਹੁਣ ਤੱਕ ਨਦੀਮ ਦੇ ਖਿਲਾਫ ਹਰ ਮੁਕਾਬਲਾ ਜਿੱਤਿਆ ਹੈ।

ਹਾਲਾਂਕਿ ਨੀਰਜ ਡਾਇਮੰਡ ਲੀਗ 2023 ਵਿੱਚ ਗੋਲਡ ਹਾਸਿਲ ਕਰਨ ਵਿੱਚ ਅਸਫਲ ਰਹੇ ਸਨ। ਉਹ 83.80 ਮੀਟਰ ਥਰੋਅ ਨਾਲ ਦੂਜੇ ਸਥਾਨ 'ਤੇ ਰਹੇ ਅਤੇ ਚਾਂਦੀ ਦਾ ਤਗਮਾ ਜਿੱਤਿਆ। ਚੈੱਕ ਗਣਰਾਜ ਦੇ ਜੈਕਬ ਵਡਲੇਜਚ ਨੇ 84.24 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ ਸੀ। ਨੀਰਜ ਪਿਛਲੇ ਸਾਲ ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ। 

ਇਹ ਵੀ ਪੜ੍ਹੋ: ਅਨੂੰ ਰਾਣੀ ਨੇ ਮਹਿਲਾ ਜੈਵਲਿਨ ਥਰੋਅ ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ

Related Post