2024 LS Polls: ਮੋਦੀ ਨੂੰ ਹਰਾਉਣ ਲਈ ਰਾਹੁਲ, ਮਮਤਾ ਅਤੇ ਕੇਜਰੀਵਾਲ ਸਮੇਤ 17 ਵਿਰੋਧੀ ਧਿਰਾਂ ਹੋਈਆਂ ਇੱਕਜੁੱਟ

By  Jasmeet Singh June 23rd 2023 06:24 PM -- Updated: June 23rd 2023 06:26 PM

Oppostion Unites Against Modi: 2024 ਦੀਆਂ ਲੋਕ ਸਭਾ ਚੋਣਾਂ ਲਈ ਵਿਰੋਧੀ ਪਾਰਟੀਆਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਵੱਖ-ਵੱਖ ਰਾਜਾਂ ਦੀਆਂ 17 ਵਿਰੋਧੀ ਪਾਰਟੀਆਂ ਦੇ ਸਿਖਰਲੇ ਨੇਤਾਵਾਂ ਨੇ ਭਾਜਪਾ ਦੇ ਖਿਲਾਫ ਸਟੈਂਡ ਲੈਣ ਲਈ ਪਟਨਾ 'ਚ ਬੈਠਕ ਕੀਤੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਅੱਜ ਬੁਲਾਈ ਗਈ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿੱਚ ਇੱਕ ਸਾਬਕਾ ਮੁੱਖ ਮੰਤਰੀ ਸਮੇਤ ਚਾਰ ਰਾਜਾਂ ਦੇ ਮੁੱਖ ਮੰਤਰੀ, ਵੱਖ-ਵੱਖ ਪਾਰਟੀਆਂ ਦੇ ਪ੍ਰਧਾਨ ਅਤੇ ਦਿੱਗਜ ਨੇਤਾ ਸ਼ਾਮਲ ਹੋਏ। 


ਇਸ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜੇਡੀਯੂ ਆਗੂ ਨਿਤੀਸ਼ ਕੁਮਾਰ, ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਐਨ.ਸੀ.ਪੀ. ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ, ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ, ਐਨ.ਸੀ. ਆਗੂ ਫਾਰੂਕ ਅਬਦੁੱਲਾ, ਸੀ.ਪੀ.ਆਈ. ਸਕੱਤਰ ਡੀ.ਰਾਜਾ, ਕਈ ਸ. ਸੀ.ਪੀ.ਐਮ. ਦੇ ਸਕੱਤਰ ਸੀਤਾਰਾਮ ਯੇਚੁਰੀ ਅਤੇ ਸੀ.ਪੀ.ਆਈ.ਐਮ.ਐਲ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਸਮੇਤ ਵੱਡੇ ਸਿਆਸੀ ਦਿੱਗਜਾਂ ਨੇ ਸ਼ਿਰਕਤ ਕੀਤੀ। ਵਿਰੋਧੀ ਧਿਰ ਦੀ ਇਸ ਵੱਡੀ ਮੀਟਿੰਗ 'ਚ ਲੋਕ ਸਭਾ ਚੋਣਾਂ 2024 ਦੇ ਰੋਡਮੈਪ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਪਟਨਾ ਪਹੁੰਚੀ ਮਮਤਾ ਨੇ ਕਿਹਾ - ਆਉਣ ਵਾਲੀਆਂ ਚੋਣਾਂ ਇੱਕ ਪਰਿਵਾਰ ਵਾਂਗ ਲੜਾਂਗੇ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪਟਨਾ 'ਚ ਵਿਰੋਧੀ ਏਕਤਾ ਦੀ ਬੈਠਕ ਲਈ ਪਹੁੰਚੀ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਪਹਿਲਾਂ ਕਿਹਾ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ''ਇਕ ਪਰਿਵਾਰ ਵਾਂਗ'' ਲੜਨਗੇ।


ਨਿਤੀਸ਼ ਕੁਮਾਰ ਪਿਛਲੇ ਸਾਲ ਅਗਸਤ 'ਚ ਭਾਜਪਾ ਤੋਂ ਵੱਖ ਹੋ ਗਏ ਸਨ ਅਤੇ ਉਹ ਮਹਾਗਠਜੋੜ ਨਾਲ ਬਿਹਾਰ 'ਚ ਸਰਕਾਰ ਚਲਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਨੂੰ ਇੱਕਜੁੱਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮੀਟਿੰਗ ਵਿੱਚ ਛੇ ਮੁੱਖ ਮੰਤਰੀਆਂ ਸਮੇਤ 17 ਪਾਰਟੀਆਂ ਦੇ ਆਗੂ ਸ਼ਾਮਲ ਹੋਏ।


ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਵਿਰੋਧੀ ਧਿਰ ਦੀ ਸਾਂਝੀ ਬੈਠਕ ਤੋਂ ਬਾਅਦ ਕਿਹਾ, "ਹੁਣ ਮੈਂ ਪੂਰੀ ਤਰ੍ਹਾਂ ਫਿੱਟ ਹਾਂ ਅਤੇ ਨਰਿੰਦਰ ਮੋਦੀ ਨੂੰ ਫਿੱਟ ਬਣਾਵਾਂਗਾ... ਦੇਸ਼ ਦੀ ਸਥਿਤੀ ਇਸ ਸਮੇਂ ਗੰਭੀਰ ਹੈ। ਅਸੀਂ ਜੁਲਾਈ 'ਚ ਸ਼ਿਮਲਾ 'ਚ ਦੁਬਾਰਾ ਬੈਠਕ ਕਰਾਂਗੇ ਤਾਂ ਕਿ ਏਜੰਡਾ ਤਿਆਰ ਕੀਤਾ ਜਾ ਸਕੇ। 2024 ਵਿੱਚ ਭਾਜਪਾ ਨਾਲ ਲੜਨ ਲਈ ਆਪਣੇ-ਆਪਣੇ ਰਾਜਾਂ ਵਿੱਚ ਕੰਮ ਕਰਦੇ ਹੋਏ ਮਿਲ ਕੇ ਅੱਗੇ ਵਧਣ ਲਈ..."


ਅਗਲੀ ਮੀਟਿੰਗ ਹੁਣ ਹੋਵੇਗੀ ਸ਼ਿਮਲਾ

ਪਟਨਾ ਪਹੁੰਚੇ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਸਵਾਗਤ ਲਈ ਪਾਰਟੀ ਵਰਕਰਾਂ ਦੀ ਭਾਰੀ ਭੀੜ ਉਮੜ ਪਈ। ਕੀਆ ਹਵਾਈ ਅੱਡੇ 'ਤੇ ਸੀ.ਐੱਮ. ਨਿਤੀਸ਼ ਨੇ ਖੁਦ ਮਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। 

ਰਾਹੁਲ ਗਾਂਧੀ ਨੇ ਇਸ ਬੈਠਕ ਤੋਂ ਬਾਅਦ ਕਿਹਾ ਕਿ ਸਾਡੇ ਵਿਚਾਲੇ ਕੁਝ ਵਿਰੋਧ ਹੋਵੇਗਾ ਪਰ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਮਿਲ ਕੇ ਕੰਮ ਕਰਾਂਗੇ। ਅਸੀਂ ਉਸ ਦੀ ਰੱਖਿਆ ਕਰਾਂਗੇ ਜੋ ਸਾਡੀ ਵਿਚਾਰਧਾਰਾ ਹੈ। ਕੁਝ ਸਮੇਂ ਬਾਅਦ ਅਗਲੀ ਮੀਟਿੰਗ ਹੋਣ ਜਾ ਰਹੀ ਹੈ ਅਤੇ ਅਸੀਂ ਉਸ ਵਿਚ ਡੂੰਘਾਈ ਨਾਲ ਗੱਲ ਕਰਾਂਗੇ। ਇਹ ਵਿਰੋਧੀ ਏਕਤਾ ਦੀ ਰਣਨੀਤੀ ਹੈ।


ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ 2024 ਵਿੱਚ ਭਾਜਪਾ ਦਾ ਮੁਕਾਬਲਾ ਕਰਨ ਲਈ ਆਪਣੇ-ਆਪਣੇ ਰਾਜਾਂ ਵਿੱਚ ਕੰਮ ਕਰਦੇ ਹੋਏ ਇਕੱਠੇ ਅੱਗੇ ਵਧਣ ਦਾ ਏਜੰਡਾ ਤਿਆਰ ਕਰਨ ਲਈ ਜੁਲਾਈ ਵਿੱਚ ਸ਼ਿਮਲਾ ਵਿੱਚ ਦੁਬਾਰਾ ਮੁਲਾਕਾਤ ਕਰਾਂਗੇ

ਜੇ.ਪੀ. ਨੱਡਾ ਹੈਰਾਨ, ਕਿਹਾ - ਰਾਜਨੀਤੀ ਵਿੱਚ ਕੀ ਹੋਇਆ

ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੇ ਵਿਰੋਧੀ ਧਿਰਾਂ ਦੀ ਮੀਟਿੰਗ 'ਤੇ ਹੈਰਾਨਗੀ ਜਤਾਈ । ਉਨ੍ਹਾਂ ਵਿਰੋਧੀ ਧਿਰ ਦੀ ਅੱਜ ਦੀ ਮੀਟਿੰਗ ਨੂੰ ਸ਼ਰਾਰਤ ਕਰਾਰ ਦਿੱਤਾ। ਉਨ੍ਹਾਂ ਕਿਹਾ "ਇਹ ਭੁੱਲ ਗਏ ਹਨ ਕਿ ਲਾਲੂ ਪ੍ਰਸਾਦ ਯਾਦਵ ਨੂੰ ਰਾਹੁਲ ਗਾਂਧੀ ਦੀ ਦਾਦੀ ਨੇ 22 ਮਹੀਨੇ ਜੇਲ੍ਹ ਵਿੱਚ ਡੱਕ ਦਿੱਤਾ ਸੀ। ਨਿਤੀਸ਼ ਕੁਮਾਰ 20 ਮਹੀਨੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਿਹਾ। ਅੱਜ ਪਟਨਾ ਦੀ ਧਰਤੀ 'ਤੇ ਜਦੋਂ ਮੈਂ ਰਾਹੁਲ ਗਾਂਧੀ ਦੇ ਸਵਾਗਤ ਦੀਆਂ ਤਸਵੀਰਾਂ ਦੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਸਿਆਸਤ 'ਚ ਕੀ ਹੋ ਗਿਆ ਹੈ।"

ਵਿਰੋਧੀ ਧਿਰ ਦੀ ਮੀਟਿੰਗ 'ਤੇ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਜਿਨ੍ਹਾਂ ਸਿਆਸੀ ਪਾਰਟੀਆਂ ਨੇ ਕਦੇ ਅੱਖੋਂ-ਪਰੋਖੇ ਨਹੀਂ ਦੇਖਿਆ, ਉਹ ਅੱਜ ਇਕੱਠੇ ਹੋ ਗਏ ਹਨ। ਇਹ ਸੁਆਰਥੀ ਗਠਜੋੜ ਭਾਰਤ ਨੂੰ ਆਰਥਿਕ ਵਿਕਾਸ ਤੋਂ ਵਾਂਝਾ ਕਰਨਾ ਚਾਹੁੰਦਾ ਹੈ।

17 ਪਾਰਟੀਆਂ ਸੱਤਾ ਲਈ ਨਹੀਂ, ਸਿਧਾਂਤਾਂ ਲਈ ਇਕੱਠੀਆਂ ਹੋਈਆਂ: ਉਮਰ ਅਬਦੁੱਲਾ

ਵਿਰੋਧੀ ਧਿਰ ਦੀ ਬੈਠਕ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ 17 ਪਾਰਟੀਆਂ ਸੱਤਾ ਲਈ ਨਹੀਂ, ਸਗੋਂ ਸਿਧਾਂਤਾਂ ਕਾਰਨ ਇਕੱਠੇ ਹੋਈਆਂ ਹਨ।

Related Post