ਕੌਮੀ ਦਸਤਾਰਬੰਦੀ ਸਮਾਗਮ ਦੌਰਾਨ 1300 ਬੱਚਿਆਂ ਨੇ ਸਜਾਈਆਂ ਦਸਤਾਰਾਂ

By  Ravinder Singh December 18th 2022 05:54 PM

ਅੰਮ੍ਰਿਤਸਰ : ਸਿੱਖ ਨੌਜਵਾਨੀ ਅੰਦਰ ਦਸਤਾਰ ਦੀ ਮਹਾਨਤਾ ਉਜਾਗਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੌਮੀ ਦਸਤਾਰਬੰਦੀ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਮੌਕੇ 1300 ਬੱਚਿਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਸਮੂਹਿਕ ਰੂਪ ਵਿਚ ਦਸਤਾਰਾਂ ਸਜਾ ਕੇ ਸਿੱਖੀ ਗੌਰਵ ਦਾ ਪ੍ਰਗਟਾਵਾ ਕੀਤਾ।  ਸਮਾਗਮ ਦੀ ਅਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਬੱਚਿਆਂ ਨੂੰ ਦਸਤਾਰਾਂ ਸਜਾ ਕੇ ਸ਼ੁਰੂਆਤ ਕਰਵਾਈ। ਇਸ ਤੋਂ ਪਹਿਲਾਂ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਅਰਦਾਸ ਕੀਤੀ।



ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖ਼ਾਲਸੇ ਨੂੰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੀ ਗਈ ਦਸਤਾਰ ਸਿੱਖੀ ਦੇ ਗੌਰਵਮਈ ਵਿਰਸੇ ਦਾ ਪ੍ਰਤੀਕ ਹੈ। ਇਹ ਸਿੱਖਾਂ ਦੇ ਸਿਰ ਦਾ ਤਾਜ ਹੈ ਅਤੇ ਬਾਦਸ਼ਾਹਤ ਦੀ ਪ੍ਰਤੀਕ ਹੈ। ਇਸ ਮਹਾਨ ਵਿਰਸੇ ਨਾਲ ਆਪਣੀ ਨਵੀਂ ਪੀੜ੍ਹੀ ਨੂੰ ਜੋੜਨਾ ਕੌਮ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸੇ ਮੰਤਵ ਨਾਲ ਹੀ ਅੱਜ ਦਾ ਦਸਤਾਰਬੰਦੀ ਸਮਾਗਮ ਕਰਵਾਇਆ ਗਿਆ ਹੈ।


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੰਜਾਬ 'ਚ ਦਸਤਾਰ ਦੇ ਅਲੋਪ ਹੋਣ ਉਤੇ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਪੰਜਾਬ ਗੁਰੂ ਸਾਹਿਬਾਨ ਦੀ ਧਰਤੀ ਹੈ ਤੇ ਇਥੇ ਦੀਆਂ ਰਵਾਇਤਾਂ ਤੇ ਕਦਰਾਂ ਕੀਮਤਾਂ ਮਾਣਮੱਤੀਆਂ ਹਨ। ਉਨ੍ਹਾਂ ਆਖਿਆ ਕੇ ਸਿੱਖ ਬੱਚਿਆ ਦਾ ਸਾਬਤ ਸੂਰਤ ਹੋਣਾ, ਨਸ਼ਿਆਂ ਤੋਂ ਰਹਿਤ ਰਹਿਣਾ ਤੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਗੁਰਸਿੱਖ ਬਣਨਾ ਅਤਿ ਲਾਜ਼ਮੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਵਿਰਸੇ ਨੂੰ ਸੰਭਾਲਣ ਤੇ ਇਸ ਬਾਰੇ ਅਗਲੀ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਉਚੇਚੇ ਯਤਨਾਂ ਦੀ ਲੋੜ ਹੈ। ਉਨ੍ਹਾਂ ਦਸਤਾਰ ਬੰਦੀ ਸਮਾਗਮ ਦੌਰਾਨ ਸਹਿਯੋਗ ਕਰਨ ਵਾਲੀਆਂ ਸ਼੍ਰੋਮਣੀ ਕਮੇਟੀ ਸਮੇਤ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ।


ਦੱਸਣਯੋਗ ਹੈ ਕਿ ਕੌਮੀ ਦਸਤਾਰਬੰਦੀ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨਜ਼, ਰੈਕਗਨਯਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ (RASA), ਸਰਦਾਰੀਆਂ ਟਰੱਸਟ, ਵਿਰਸਾ ਸੰਭਾਲ ਸਰਦਾਰੀ ਲਹਿਰ, ਰੰਗ ਕਰਤਾਰ ਦਿੱਲੀ ਤੇ ਸਿੱਖਸ ਫਾਰ ਇਕਵੈਲਿਟੀ ਫਾਊਂਡੇਸ਼ਨ ਨੇ ਸਹਿਯੋਗ ਕੀਤਾ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਬਣਾਏਗੀ 'Healthy' ਸ਼ਰਾਬ, SC 'ਚ ਹਲਫਨਾਮਾ ਦਾਇਰ

ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ, ਹੈਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਤੇ ਰਣਜੀਤ ਸਿੰਘ ਕੱਲਾ ਹਾਜ਼ਰ ਸਨ।

Related Post