ਕੇਜਰੀਵਾਲ ਸਰਕਾਰ ਦੇ ਸ਼ੈਲਟਰ ਹੋਮ 'ਚ 'ਰਹੱਸਮਈ' ਢੰਗ ਨਾਲ 20 ਦਿਨਾਂ 'ਚ 13 ਬੱਚਿਆਂ ਦੀ ਮੌਤ, ਜਾਂਚ ਦੇ ਹੁਕਮ
Asha Kiran Shelter Home Tragedy : ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਸ ਸਾਲ ਜਨਵਰੀ ਤੋਂ ਹੁਣ ਤੱਕ ਸ਼ੈਲਟਰ ਹੋਮ ਵਿੱਚ ਕੁੱਲ 27 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਪਿਛਲੇ 20 ਦਿਨਾਂ ਵਿੱਚ 13 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
Asha Kiran Shelter Home Tragedy : ਦਿੱਲੀ ਵਿੱਚ ਸਿਹਤ ਸਹੂਲਤਾਂ ਦਾ ਢਿੰਡੋਰਾ ਪਿੱਟਣ ਵਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਅਧੀਨ ਚੱਲਦੇ ਸ਼ੈਲਟਰ ਹੋਮ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ। ਉਪ-ਮੰਡਲ ਮੈਜਿਸਟ੍ਰੇਟ ਦੀ ਜਾਂਚ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਦਿੱਲੀ ਦੇ ਰੋਹਿਣੀ ਇਲਾਕੇ 'ਚ ਸਥਿਤ ਇਸ ਆਸ਼ਾ ਕਿਰਨ ਸ਼ੈਲਟਰ ਹੋਮ ਵਿੱਚ 20 ਦਿਨਾਂ ਅੰਦਰ 13 ਬੱਚਿਆਂ ਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ ਹੈ। ਮੰਤਰੀ ਆਤਿਸ਼ੀ ਨੇ ਹੁਣ ਇਸ ਮਾਮਲੇ ਵਿੱਚ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਹਨ।
ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਜੁਲਾਈ ਵਿੱਚ ਦਿੱਲੀ ਦੇ ਰੋਹਿਣੀ ਵਿੱਚ ਆਸ਼ਾ ਕਿਰਨ ਹੋਮ (ਮਾਨਸਿਕ ਤੌਰ 'ਤੇ ਅਪਾਹਜਾਂ ਲਈ) ਵਿੱਚ 13 ਮੌਤਾਂ ਹੋਈਆਂ ਹਨ। ਇਹ ਮੌਤਾਂ ਸਿਹਤ ਸੰਬੰਧੀ ਸਮੱਸਿਆਵਾਂ ਅਤੇ ਕੁਪੋਸ਼ਣ ਕਾਰਨ ਹੋਈਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਨੂੰ ਸਹੀ ਸਹੂਲਤਾਂ ਨਹੀਂ ਮਿਲ ਰਹੀਆਂ।
ਜਨਵਰੀ ਤੋਂ ਹੁਣ ਤੱਕ ਹੋਈਆਂ 27 ਮੌਤਾਂ
ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਸ ਸਾਲ ਜਨਵਰੀ ਤੋਂ ਹੁਣ ਤੱਕ ਸ਼ੈਲਟਰ ਹੋਮ ਵਿੱਚ ਕੁੱਲ 27 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਪਿਛਲੇ 20 ਦਿਨਾਂ ਵਿੱਚ 13 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਇਸ ਮਾਮਲੇ ਬਾਰੇ ਐਸਡੀਐਮ ਦਾ ਕਹਿਣਾ ਹੈ ਕਿ ਬੱਚਿਆਂ ਦੀ ਮੌਤ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਰ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਐਸਡੀਐਮ ਦੀ ਰਿਪੋਰਟ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ।
ਇਸ 'ਤੇ ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ 'ਆਪ' ਸਰਕਾਰ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਇੱਕ ਤੱਥ ਖੋਜ ਟੀਮ ਨੂੰ ਸ਼ੈਲਟਰ ਲਈ ਰਵਾਨਾ ਕੀਤਾ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਦੱਸਿਆ ਕਿ ਇਹ ਟੀਮ ਸ਼ੈਲਟਰ ਹੋਮ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਮੁਲਾਕਾਤ ਕਰੇਗੀ ਅਤੇ ਬੱਚਿਆਂ ਦੀ ਮੌਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕਰੇਗੀ।
BJP ਨੇ ਆਮ ਆਦਮੀ ਪਾਰਟੀ ਖਿਲਾਫ਼ ਖੋਲ੍ਹਿਆ ਮੋਰਚਾ
ਦੂਜੇ ਪਾਸੇ ਇਨ੍ਹਾਂ ਮੌਤਾਂ ਪਿੱਛੇ ਭਾਜਪਾ ਨੇ ਆਮ ਆਦਮੀ ਪਾਰਟੀ ਦੀ ਵੱਡੀ ਲਾਪਰਵਾਹੀ ਦੱਸਿਆ ਹੈ ਅਤੇ ਸ਼ੈਲਟਰ ਹੋਮ ਵਿੱਚ ਘਟੀਆ ਸਹੂਲਤਾਂ ਦੇਣ ਦਾ ਆਰੋਪ ਲਾਇਆ ਹੈ। ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਰੇਖਾ ਗੁਪਤਾ ਨੇ ਦੋਸ਼ ਲਾਇਆ ਹੈ ਕਿ ਸ਼ੈਲਟਰ ਹੋਮ ਵਿੱਚ ਬੱਚਿਆਂ ਨੂੰ ਗੰਦਾ ਪਾਣੀ ਪਿਲਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਨਾ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਜੁਲਾਈ ਵਿੱਚ 17 ਬੱਚਿਆਂ ਦੀ ਮੌਤ ਦਾ ਦਾਅਵਾ ਕਰਦਿਆਂ ਗੁਪਤਾ ਨੇ ਦੋਸ਼ ਲਾਇਆ ਕਿ ਸੱਚਾਈ ਨੂੰ ਛੁਪਾਉਣ ਲਈ ਕਿਸੇ ਨੂੰ ਵੀ ਸ਼ੈਲਟਰ ਹੋਮ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ।