ਉਦਘਾਟਨ ਤੋਂ ਪਹਿਲਾਂ ਹੀ ਨਦੀ 'ਚ ਰੁੜਿਆ 12 ਕਰੋੜੀ ਪੁਲ, ਵੇਖੋ ਵੀਡੀਓ ਕਿਵੇਂ ਤਾਸ਼ ਦੇ ਪੱਤਿਆਂ ਵਾਂਗ ਹੋਇਆ ਢਹਿ-ਢੇਰੀ

Bridge Collapsed Video : ਘਟਨਾ ਅਰਰੀਆ ਜ਼ਿਲ੍ਹੇ ਦੇ ਸਿੱਕਤੀ ਬਲਾਕ ਦੀ ਹੈ, ਜਿਥੇ ਬਕਰਾ ਨਦੀ ਦੇ ਪਡਾਰੀਆ ਘਾਟ 'ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਪੁਲ ਅਚਾਨਕ ਤਾਸ਼ ਦੇ ਪੱਤਿਆਂ ਵਾਂਗ ਨਦੀ 'ਚ ਜਾ ਰੁੜ੍ਹਿਆ। ਪੁਲ ਦੇ ਨਦੀ ਵਿੱਚ ਰੁੜ੍ਹਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

By  KRISHAN KUMAR SHARMA June 18th 2024 08:33 PM -- Updated: June 18th 2024 09:05 PM

Bridge Collapsed in Bihar : ਬਿਹਾਰ ਵਿੱਚ ਇੱਕ ਵਾਰ ਮੁੜ ਪੁਲ ਹਾਦਸਾ ਵਾਪਰਿਆ ਹੈ। ਉਦਘਾਟਨ ਤੋਂ ਪਹਿਲਾਂ ਹੀ ਪੁਲ ਟੁੱਟ ਕੇ ਨਦੀ ਵਿੱਚ ਡੁੱਬ ਗਿਆ। ਘਟਨਾ ਅਰਰੀਆ ਜ਼ਿਲ੍ਹੇ ਦੇ ਸਿੱਕਤੀ ਬਲਾਕ ਦੀ ਹੈ, ਜਿਥੇ ਬਕਰਾ ਨਦੀ ਦੇ ਪਡਾਰੀਆ ਘਾਟ 'ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਪੁਲ ਅਚਾਨਕ ਤਾਸ਼ ਦੇ ਪੱਤਿਆਂ ਵਾਂਗ ਨਦੀ 'ਚ ਜਾ ਰੁੜ੍ਹਿਆ। ਪੁਲ ਦੇ ਨਦੀ ਵਿੱਚ ਰੁੜ੍ਹਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਹਾਦਸਾ ਮੰਗਲਵਾਰ ਦੁਪਹਿਰ ਕਰੀਬ 2:05 ਵਜੇ ਵਾਪਰਿਆ। ਇਹ 182 ਮੀਟਰ ਦਾ ਪੁਲ ਤਿੰਨ ਹਿੱਸਿਆਂ ਵਿੱਚ ਬਣਾਇਆ ਗਿਆ ਸੀ, ਜੋ ਆਪਣੇ ਦੋ ਥੰਮਾਂ ਸਮੇਤ ਦਰਿਆ ਵਿੱਚ ਜਾ ਰੁੜਿਆ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਲੋਕਾਂ ਦਾ ਦੋਸ਼ ਹੈ ਕਿ ਪੁਲ ਦੇ ਨਿਰਮਾਣ ਵਿੱਚ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ, ਜਿਸ ਕਾਰਨ ਪੁਲ ਉਦਘਾਟਨ ਤੋਂ ਪਹਿਲਾਂ ਹੀ ਢਹਿ ਗਿਆ। ਪਿੰਡ ਵਾਸੀਆਂ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਪੁਲ ਦੀ ਸਲੈਬ ਵਿੱਚ ਤਰੇੜਾਂ ਨਜ਼ਰ ਆ ਰਹੀਆਂ ਸਨ। ਲੋਕਾਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਵਿਭਾਗ ਨੇ ਪੁਲ ਦੀ ਪਹੁੰਚ ਵਾਲੀ ਸੜਕ ਨੂੰ ਬਹਾਲ ਕਰਨ ਦੀ ਸ਼ੁਰੂਆਤ ਕੀਤੀ ਸੀ। ਪਰ, ਇਸ ਤੋਂ ਪਹਿਲਾਂ ਹੀ ਇਹ ਹਾਦਸਾ ਹੋ ਗਿਆ। ਅਰਰੀਆ ਦੇ ਸੰਸਦ ਮੈਂਬਰ ਅਤੇ ਵਿਧਾਇਕ ਨੇ ਠੇਕੇਦਾਰ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ ਹੈ।

ਬਿਹਾਰ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰਾਲੇ ਵੱਲੋਂ ਬਣਵਾਏ ਇਸ ਪੁਲ ਦੀ ਲਾਗਤ 7.79 ਕਰੋੜ ਰੁਪਏ ਸੀ। 182 ਮੀਟਰ ਲੰਬੇ ਇਸ ਪੁਲ ਦਾ ਨਿਰਮਾਣ 2021 ਵਿੱਚ ਸ਼ੁਰੂ ਹੋਇਆ ਸੀ। ਪਹਿਲਾਂ ਇਸ 'ਤੇ 7 ਕਰੋੜ 80 ਲੱਖ ਰੁਪਏ ਦੀ ਲਾਗਤ ਆਈ ਸੀ ਪਰ ਬਾਅਦ 'ਚ ਦਰਿਆ ਅਤੇ ਅਪ੍ਰੋਚ ਰੋਡ ਨੂੰ ਬਦਲਣ ਕਾਰਨ ਕੁੱਲ ਲਾਗਤ 12 ਕਰੋੜ ਰੁਪਏ ਵਿੱਚ ਬਦਲ ਗਈ ਸੀ ਅਤੇ ਇਹ ਜੂਨ 2023 ਵਿੱਚ ਪੂਰਾ ਹੋ ਗਿਆ ਸੀ।

ਹੁਣ ਇਸ ਪੁਲ ਦਾ ਉਦਘਾਟਨ ਕੀਤਾ ਜਾਣਾ ਸੀ, ਪਰ ਇਸਤੋਂ ਪਹਿਲਾਂ ਹੀ ਇਹ ਪੁਲ ਮੰਗਲਵਾਰ ਨੂੰ ਅਚਾਨਕ ਡਿੱਗ ਗਿਆ। ਇਸ ਪੁਲ ਦਾ ਨਿਰਮਾਣ ਕੇਂਦਰ ਸਰਕਾਰ ਦੇ ਗ੍ਰਾਮੀਣ ਨਿਰਮਾਣ ਵਿਭਾਗ ਅਧੀਨ ਗੁਆਂਢੀ ਜ਼ਿਲ੍ਹੇ ਕਿਸ਼ਨਗੰਜ ਦੇ ਠੇਕੇਦਾਰ ਸਿਰਾਜੂਰ ਰਹਿਮਾਨ ਨੇ ਕੀਤਾ ਸੀ।

Related Post