Georgia ‘ਚ 11 ਪੰਜਾਬੀਆਂ ਦੀ ਮੌਤ ਬਾਰੇ ਅਹਿਮ ਖੁਲਾਸਾ, ਹੁਣ ਕਦੇ ਨਹੀਂ ਮੁੜਨਗੇ ਰੋਜ਼ੀ-ਰੋਟੀ ਲਈ ਗਏ ਪੰਜਾਬੀ, ਰੋ ਰੋ ਸਦਮੇ ’ਚ ਗਏ ਪਰਿਵਾਰ

ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਲਾਸ਼ਾਂ ਰੈਸਟੋਰੈਂਟ ਦੇ ਉਸ ਕਮਰੇ 'ਚੋਂ ਮਿਲੀਆਂ, ਜਿੱਥੇ ਕਰਮਚਾਰੀ ਸੌਂਦੇ ਸਨ।ਅਧਿਕਾਰਤ ਰਿਪੋਰਟ ਮੁਤਾਬਕ ਮਰਨ ਵਾਲਿਆਂ 'ਚ ਰੈਸਟੋਰੈਂਟ ਦੇ ਸਟਾਫ ਮੈਂਬਰ ਵੀ ਸ਼ਾਮਲ ਹਨ।

By  Aarti December 17th 2024 04:43 PM

11 Punjabi Found Dead In Georgia :  ਜੌਰਜੀਆ ਦੇ ਇੱਕ ਭਾਰਤੀ ਰੈਸਟੋਰੈਂਟ ਵਿੱਚ 11 ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਜੌਰਜੀਆ ਦਾ ਇੱਕ ਨਾਗਰਿਕ ਵੀ ਸ਼ਾਮਲ ਹੈ।

ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਲਾਸ਼ਾਂ ਰੈਸਟੋਰੈਂਟ ਦੇ ਉਸ ਕਮਰੇ 'ਚੋਂ ਮਿਲੀਆਂ, ਜਿੱਥੇ ਕਰਮਚਾਰੀ ਸੌਂਦੇ ਸਨ।ਅਧਿਕਾਰਤ ਰਿਪੋਰਟ ਮੁਤਾਬਕ ਮਰਨ ਵਾਲਿਆਂ 'ਚ ਰੈਸਟੋਰੈਂਟ ਦੇ ਸਟਾਫ ਮੈਂਬਰ ਵੀ ਸ਼ਾਮਲ ਹਨ। ਮ੍ਰਿਤਕਾਂ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਲਾਈਟ ਨਾ ਹੋਣ ਕਾਰਨ ਬੰਦ ਕਮਰੇ ਵਿੱਚ ਜਨਰੇਟਰ ਦੀ ਵਰਤੋਂ ਦੱਸਿਆ ਜਾ ਰਿਹਾ ਹੈ। 

ਇਸ ਘਟਨਾ ਦੀ ਸਭ ਤੋਂ ਮੰਦਭਾਗੀ ਖਬਰ ਪੰਜਾਬ ਲਈ ਹੈ। ਕਿਉਂਕਿ ਜੌਰਜੀਆ ’ਚ ਮਰਨ ਵਾਲਿਆਂ ’ਚ 11 ਵਿਅਕਤੀ ਪੰਜਾਬ ਦੇ ਰਹਿਣ ਵਾਲੇ ਹਨ। ਜਿਨ੍ਹਾਂ ਦੇ ਪਰਿਵਾਰਾਂ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਇਨ੍ਹਾਂ ਚੋਂ ਇੱਕ ਸ਼ਖਸ ਅਜਿਹਾ ਹੈ ਜਿਸਨੇ ਆਪਣੇ ਪੁੱਤ ਨੂੰ 8 ਸਾਲ ਦੇ ਹੋਣ ਮਗਰੋਂ ਵੀ ਦੇਖਿਆ ਨਹੀਂ ਸੀ। 

ਸ਼ੁਰੂਆਤੀ ਜਾਣਕਾਰੀ ਮੁਤਾਬਿਕ 11 ਵਿਅਕਤੀਆਂ ਚੋਂ ਇੱਕ ਖੰਨਾ, ਜਲੰਧਰ, ਮੋਗਾ ਅਤੇ ਸਮਾਣਾ ਦਾ ਰਹਿਣ ਵਾਲਾ ਹੈ। ਜਿਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਦਮਾ ਲੱਗ ਗਿਆ ਹੈ। ਕਿਉਂਕਿ ਇੱਥੋਂ ਸਾਰੇ ਨੌਜਵਾਨ ਆਪਣੇ ਘਰ ਦੀ ਆਰਥਿਕ ਨੂੰ ਸੁਧਾਰਨ ਦੇ ਲਈ ਜੌਰਜੀਆ ਗਏ ਸੀ ਜੋ ਕਿ ਹੁਣ ਕਦੇ ਵੀ ਵਾਪਸ ਪਰਤਨਗੇ। 

ਜਲੰਧਰ 

ਮ੍ਰਿਤਕਾਂ ’ਚ 11 ਪੰਜਾਬੀਆਂ ’ਚੋਂ ਇੱਕ ਜਲੰਧਰ ਦੇ ਪਿੰਡ ਲੱਧੇਵਾਲੀ ਦਾ ਰਹਿਣ ਵਾਲਾ ਹੈ। ਮ੍ਰਿਤਕ ਦੇ ਛੋਟੇ ਛੋਟੇ ਬੱਚੇ ਆਪਣੇ ਪਿਓ ਦੇ ਆਉਣ ਦੀ ਉਡੀਕ ਕਰ ਰਹੇ ਹਨ। ਅੱਠ ਸਾਲ ਦੇ ਬੇਟੇ ਨੇ ਅਜੇ ਤੱਕ ਆਪਣੇ ਪਿਓ ਦਾ ਚਿਹਰਾ ਤੱਕ ਨਹੀਂ ਦੇਖਿਆ ਹੈ। ਹਾਲਾਂਕਿ ਇਸ ਮੰਦਭਾਗੀ ਖਬਰ ਦੇ ਸੁਣਨ ਮਗਰੋਂ ਵੀ ਕਹਿ ਰਿਹਾ ਹੈ ਕਿ ਉਸਦੇ ਪਾਪਾ ਉਸ਼ ਨੂੰ ਲਾਲ ਰੰਗ ਦੀ ਥਾਰ ਲਿਆ ਕੇ ਦੇਣਗੇ।

ਦੂਜੇ ਪਾਸੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸਦੀ ਆਪਣੇ ਪਤੀ ਦੇ ਨਾਲ ਇੱਕ ਦਿਨ ਪਹਿਲਾਂ ਹੀ ਗੱਲ ਹੋਈ ਸੀ। ਜਿਸ ’ਚ ਉਨ੍ਹਾਂ ਨੇ ਤੂਫਾਨ ਆਉਣ ਦਾ ਜਿਕਰ ਕੀਤਾ ਸੀ। ਪਰ ਬਾਅਦ ’ਚ ਉਸਦੀ ਗੱਲ ਨਹੀਂ ਹੋਈ ਉਸ ਨੇ ਆਪਣੇ ਪਤੀ ਨੂੰ ਵਾਟਸਐਪ ’ਤੇ ਮੈਸੇਜ ਭੇਜ ਕੀਤੇ ਪਰ ਕੋਈ ਜਵਾਬ ਨਹੀਂ ਆਇਆ। ਪਰ ਉਸ ਨੂੰ ਇਹ ਦੁਖਦ ਸਮਾਚਾਰ ਹਾਸਿਲ ਹੋਇਆ। 

ਮੋਗਾ 

ਜੌਰਜੀਆ ’ਚ ਵਾਪਰੇ ਹਾਦਸੇ ’ਚ 24 ਸਾਲਾਂ ਗਗਨਦੀਪ ਸਿੰਘ ਵੀ ਸ਼ਾਮਲ ਸੀ ਜੋ ਕਿ ਮੋਗਾ ਦੇ ਪਿੰਡ ਘੱਲ ਕਲਾਂ ਦਾ ਰਹਿਣ ਵਾਲਾ ਸੀ। ਉਸਦੇ ਘਰ ਦੀ ਹਾਲਤ ਬਹੁਤ ਹੀ ਜਿਆਦਾ ਤਰਸਯੋਗ ਹੈ। ਉਸਦੇ ਪਿਤਾ ਮਹਿਜ਼ ਸਿਰਫ ਇੱਕ ਕਮਰੇ ’ਚ ਹੀ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ। ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਵੀ ਪਰਿਵਾਰਿਕ ਮੈਂਬਰਾਂ ਨੂੰ ਦਿੱਤਾ ਭਰੋਸਾ ਕਿਹਾ ਉਹਨਾਂ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਜਲਦ ਮ੍ਰਿਤਕ ਗਗਨਦੀਪ ਸਿੰਘ ਦੀ ਲਾਸ਼ ਨੂੰ ਪੰਜਾਬ ਲਿਆਂਦਾ ਜਾਵੇ।

ਦੱਸ ਦਈਏ ਕਿ ਮ੍ਰਿਤਕ ਗਗਨਦੀਪ ਦੀ ਮਾਂ ਅਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸਦੇ ਪਿਤਾ ਨੇ ਚਾਰ ਤੋਂ ਪੰਜ ਲੱਖ ਰੁਪਏ ਵਿਆਜ ’ਤੇ ਲੈ ਕੇ ਗਗਨਦੀਪ ਨੂੰ ਵਿਦੇਸ਼ ਭੇਜਿਆ ਸੀ। ਪਹਿਲਾਂ ਕਈ ਸਾਲ ਦੁਬਈ ’ਚ ਨੌਕਰੀ ਕੀਤੀ ਫਿਰ ਉਹ ਚਾਰ ਮਹੀਨੇ ਪਹਿਲਾਂ ਹੀ ਜੌਰਜੀਆ ਗਿਆ ਸੀ। ਗਗਨਦੀਪ ਦੇ ਪਰਿਵਾਰਿਕ ਮੈਂਬਰਾਂ ਦੀ 12 ਤਰੀਕ ਨੂੰ ਅਖੀਰੀ ਵਾਰ ਗੱਲ ਹੋਈ ਸੀ।  ਪਿਤਾ ਨੇ ਦੱਸਿਆ ਕਿ ਗਗਨਦੀਪ ਨੇ ਵੀਡੀਓ ਕਾਲ ਜਰੀਏ ਜੌਰਜੀਆ ਦੇ ਹਾਲਾਤ ਦਿਖਾਏ ਸੀ। 

ਸਮਾਣਾ 

ਸਮਾਣਾ ਦਾ ਨੌਜਵਾਨ ਵਰਿੰਦਰ ਸਿੰਘ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇ ਲਈ ਡੇਢ ਸਾਲ ਪਹਿਲਾਂ ਪੁਰਤਗਾਲ ਗਿਆ ਪੁਰਤਗਾਲ ਤੋਂ ਰੁਜ਼ਗਾਰ ਨਾ ਮਿਲਣ ਕਰਕੇ ਜੌਰਜੀਆ ਵਿੱਚ ਚਲਿਆ ਗਿਆ। ਜਿੱਥੇ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਵਰਿੰਦਰ ਸਿੰਘ ਦੇ ਪਿਤਾ ਅਤੇ ਪਤਨੀ ਕੈਮਰੇ ਅੱਗੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ। ਕਿਉਂਕਿ ਘਰ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਹਨ ਕਿ ਉਹ ਬੋਲ ਵੀ ਨਹੀਂ ਪਾ ਰਹੇ ਹਨ।

ਉਸਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਹੀ ਵਰਿੰਦਰ ਗਿਆ ਸੀ। ਅੱਠ ਸਾਲ ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ। ਉਸਦੀ ਪੰਜ ਸਾਲ ਦੀ ਬੇਟੀ ਹੈ। ਪਰਿਵਾਰ ਦੇ ਕੋਲ ਸਿਰਫ ਦੋ ਏਕੜ ਜਮੀਨ ਹੈ। ਰਿਸ਼ਤੇਦਾਰਾਂ ਨੇ ਮੰਗ ਕੀਤੀ ਹੈ ਕਿ ਉਸਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਭਾਰਤ ਲਿਆਵੇ। 

ਦਵਿੰਦਰ ਸਿੰਘ ਦਿ ਪਤਨੀ ਅਨੁਪ੍ਰੀਤ ਕੌਰ ਨੇ ਦੱਸਿਆਕਿ ਉਸਦੀ ਆਪਣੇ ਪਤੀ ਦੇ ਨਾਲ ਇੱਕ ਦੋ ਦਿਨ ਬਾਅਦ ਗੱਲ ਹੋ ਜਾਂਦੀ ਸੀ ਪਰ ਦੋ ਦਿਨ ਫੋਨ ਨਹੀਂ ਆਇਆ ਸੀ ਅਤੇ ਐਤਵਾਰ ਨੂੰ ਉਸਨੂੰ ਭਾਰਤੀ ਦੂਤਾਵਾਸ ਤੋਂ ਇਹ ਘਟਨਾ ਦੇ ਵਾਪਰਨ ਦੀ ਜਾਣਕਾਰੀ ਹਾਸਿਲ ਹੋਈ। 

ਖੰਨਾ 

ਮ੍ਰਿਤਕਾਂ ਵਿੱਚੋਂ ਇੱਕ ਸਮੀਰ ਕੁਮਾਰ (26) ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦਾ ਰਹਿਣ ਵਾਲਾ ਸੀ। ਸਮੀਰ ਖੰਨਾ ਦੇ ਬਿਲਾਂ ਵਾਲੀ ਛੱਪੜੀ ਇਲਾਕੇ ਦਾ ਰਹਿਣ ਵਾਲਾ ਹੈ। ਉਹ ਕਰੀਬ 6 ਮਹੀਨੇ ਪਹਿਲਾਂ ਜੌਰਜੀਆ ਗਿਆ ਸੀ। ਉੱਥੇ ਹੀ ਟਿਕਲੀਸ਼ ਰਾਜਧਾਨੀ ਦੇ ਭਾਰਤੀ ਅਰਬੀ ਰੈਸਟੋਰੈਂਟ ਹਵੇਲੀ 'ਚ ਕੰਮ ਕਰਦਾ ਸੀ। 

ਸਮੀਰ ਦੇ ਭਰਾ ਗੁਰਦੀਪ ਕੁਮਾਰ ਨੇ ਦੱਸਿਆ ਕਿ 14 ਦਸੰਬਰ ਨੂੰ ਸਮੀਰ ਦਾ ਜਨਮ ਦਿਨ ਸੀ। ਸਮੀਰ ਬੀਤੀ ਰਾਤ ਆਪਣੀ ਮਾਂ ਸੰਤੋਸ਼ ਕੁਮਾਰੀ ਨਾਲ ਫ਼ੋਨ 'ਤੇ ਗੱਲ ਕਰਕੇ ਸੌਂ ਗਿਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕਈ ਫੋਨ ਕੀਤੇ ਪਰ ਸਮੀਰ ਵੱਲੋਂ ਕੋਈ ਜਵਾਬ ਨਹੀਂ ਆਇਆ। ਉਸਦੇ ਦੋਸਤਾਂ ਨੂੰ ਫੋਨ ਕੀਤੇ ਗਏ। ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਇੰਟਰਨੈੱਟ ਤੋਂ ਰੈਸਟੋਰੈਂਟ ਦਾ ਨੰਬਰ ਲੈ ਕੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਸਮੀਰ ਸਮੇਤ ਕਮਰਿਆਂ ਵਿੱਚ ਸੁੱਤੇ ਪਏ ਸਾਰੇ 12 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸਤੋਂ ਇਲਾਵਾ ਹੋਰ ਕੁਝ ਨਹੀਂ ਦੱਸਿਆ ਗਿਆ।

ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਮੰਗ ਕੀਤੀ ਕਿ ਸਮੀਰ ਦੀ ਮ੍ਰਿਤਕ ਦੇਹ ਨੂੰ ਕਿਸੇ ਵੀ ਤਰੀਕੇ ਨਾਲ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਅੰਤਿਮ ਰਸਮਾਂ ਨਿਭਾਅ ਸਕਣ ਅਤੇ ਸਮੀਰ ਦੀਆਂ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕਰ ਸਕਣ।

ਇਹ ਵੀ ਪੜ੍ਹੋ : Georgia ਦੇ ਗੁਦੋਰੀ ’ਚ ਜ਼ਹਿਰੀਲੀ ਗੈਸ ਦਾ ਕਹਿਰ, ਇੱਕ ਪੰਜਾਬੀ ਵਿਅਕਤੀ ਸਣੇ 12 ਲੋਕਾਂ ਦੀ ਹੋਈ ਦਰਦਨਾਕ ਮੌਤ

Related Post