Mumbai Boat Accident : ਗੇਟਵੇ ਆਫ ਇੰਡੀਆ ਨੇੜੇ ਸਮੁੰਦਰ 'ਚ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ; 13 ਲੋਕਾਂ ਦੀ ਮੌਤ , 101 ਲੋਕਾਂ ਨੂੰ ਬਚਾਇਆ ਗਿਆ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਦੁਪਹਿਰ ਕਰੀਬ 3.55 ਵਜੇ ਮੁੰਬਈ ਨੇੜੇ ਬੁਚਰ ਆਈਲੈਂਡ 'ਤੇ ਸਮੁੰਦਰੀ ਫੌਜ ਦੀ ਇਕ ਕਿਸ਼ਤੀ ਯਾਤਰੀ ਜਹਾਜ਼ 'ਨੀਲਕਮਲ' ਨਾਲ ਟਕਰਾ ਗਈ।
Mumbai Boat Accident : ਮੁੰਬਈ 'ਚ ਗੇਟਵੇ ਆਫ ਇੰਡੀਆ ਨੇੜੇ ਐਲੀਫੈਂਟਾ ਟਾਪੂ 'ਤੇ ਜਾ ਰਹੇ ਨੀਲਕਮਲ ਨਾਂ ਦੇ ਯਾਤਰੀ ਜਹਾਜ਼ ਨਾਲ ਜਲ ਸੈਨਾ ਦੇ ਜਹਾਜ਼ ਦੀ ਟੱਕਰ ਹੋਣ 'ਤੇ ਵੱਡਾ ਹਾਦਸਾ ਵਾਪਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ 'ਚ ਹੁਣ ਤੱਕ ਤਿੰਨ ਜਲ ਸੈਨਾ ਕਰਮਚਾਰੀਆਂ ਸਮੇਤ ਕੁੱਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ 101 ਹੋਰ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਜਦਕਿ ਕਈ ਲੋਕਾਂ ਦੀ ਭਾਲ ਜਾਰੀ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਦੁਪਹਿਰ ਕਰੀਬ 3.55 ਵਜੇ ਮੁੰਬਈ ਨੇੜੇ ਬੁਚਰ ਆਈਲੈਂਡ 'ਤੇ ਸਮੁੰਦਰੀ ਫੌਜ ਦੀ ਇਕ ਕਿਸ਼ਤੀ ਯਾਤਰੀ ਜਹਾਜ਼ 'ਨੀਲਕਮਲ' ਨਾਲ ਟਕਰਾ ਗਈ। ਜਾਣਕਾਰੀ ਮੁਤਾਬਕ ਸ਼ਾਮ 7.30 ਵਜੇ ਤੱਕ 101 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। 13 ਮਰਨ ਵਾਲਿਆਂ ਵਿੱਚ 10 ਆਮ ਨਾਗਰਿਕ ਅਤੇ 3 ਜਲ ਸੈਨਾ ਦੇ ਕਰਮਚਾਰੀ ਹਨ।
ਸੀਐਮ ਫੜਨਵੀਸ ਨੇ ਦੱਸਿਆ ਕਿ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ ਨੇਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਲ ਸੈਨਾ, ਤੱਟ ਰੱਖਿਅਕ ਅਤੇ ਪੁਲਿਸ ਨੇ 11 ਕਰਾਫਟ ਅਤੇ 4 ਹੈਲੀਕਾਪਟਰਾਂ ਦੀ ਵਰਤੋਂ ਕਰਕੇ ਬਚਾਅ ਕਾਰਜ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਲਾਪਤਾ ਲੋਕਾਂ ਬਾਰੇ ਅੰਤਿਮ ਜਾਣਕਾਰੀ ਕੱਲ੍ਹ ਸਵੇਰੇ ਮਿਲ ਜਾਵੇਗੀ। ਇਸ ਦੇ ਨਾਲ ਹੀ ਸੀਐਮ ਫੜਨਵੀਸ ਨੇ ਕਿਹਾ ਕਿ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਪੁਲਿਸ ਅਤੇ ਜਲ ਸੈਨਾ ਵੱਲੋਂ ਜਾਂਚ ਕੀਤੀ ਜਾਵੇਗੀ।