ਚੰਡੀਗੜ੍ਹ, 5 ਅਗਸਤ: ਕੇਂਦਰੀ ਆਬਕਾਰੀ ਅਤੇ ਕਸਟਮ ਬੋਰਡ (CBIC) ਨੇ ਟਵੀਟ ਕਰ ਇਹ ਦਾਅਵਾ ਕੀਤਾ ਹੈ ਕਿ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਕੁਝ ਹਿੱਸੇ ਇਹ ਸੰਦੇਸ਼ ਫੈਲਾਅ ਰਹੇ ਹਨ ਕਿ ਹਾਲਹੀ ਵਿੱਚ 18 ਜੁਲਾਈ 2022 ਤੋਂ ਧਾਰਮਿਕ/ ਚੈਰੀਟੇਬਲ ਟ੍ਰਸਟਾਂ ਦੁਆਰਾ ਚਲਾਈਆਂ ਜਾ ਰਹੀਆਂ ‘ਸਰਾਵਾਂ’ ’ਤੇ ਵੀ ਜੀਐੱਸਟੀ ਲਾਗੂ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੱਚ ਨਹੀਂ ਹੈ।
ਜੀਐੱਸਟੀ ਕੌਂਸਲ ਦੀ 47ਵੀਂ ਬੈਠਕ ਦੀਆਂ ਸਿਫ਼ਾਰਸ਼ਾਂ ਦੇ ਅਧਾਰ ’ਤੇ 1000 ਰੁਪਏ ਪ੍ਰਤੀ ਦਿਨ ਤੱਕ ਦੇ ਕਮਰੇ ਦੇ ਕਿਰਾਏ ਵਾਲੇ ਹੋਟਲਾਂ ਦੇ ਕਮਰਿਆਂ ਤੋਂ ਜੀਐੱਸਟੀ ਛੂਟ ਵਾਪਸ ਲੈ ਲਈ ਗਈ ਹੈ। ਹੁਣ ਉਨ੍ਹਾਂ ’ਤੇ 12% ਟੈਕਸ ਲਗਾਇਆ ਗਿਆ ਹੈ। ਹਾਲਾਂਕਿ ਇੱਕ ਹੋਰ ਛੂਟ ਹੈ ਜੋ ਕਿਸੇ ਚੈਰੀਟੇਬਲ ਜਾਂ ਧਾਰਮਿਕ ਟ੍ਰਸਟ ਦੁਆਰਾ ਧਾਰਮਿਕ ਸਥਾਨਾਂ ਵਿੱਚ ਕਮਰੇ ਕਿਰਾਏ ’ਤੇ ਦੇਣ ਤੋਂ ਛੂਟ ਦਿੰਦੀ ਹੈ, ਜਿੱਥੇ ਕਮਰੇ ਲਈ ਚਾਰਜ ਕੀਤੀ ਗਈ ਰਕਮ ਪ੍ਰਤੀ ਦਿਨ 1000 ਰੁਪਏ ਤੋਂ ਘੱਟ ਹੈ। ਇਹ ਛੂਟ ਬਿਨਾ ਕਿਸੇ ਬਦਲਾਅ ਦੇ ਲਾਗੂ ਹੈ।
CBIC ਮੁਤਾਬਕ ਛੂਟ ਦੀ ਨੋਟੀਫਿਕੇਸ਼ਨ, ਨੰਬਰ 12/2017-ਸੀਟੀਆਰ ਦਾ ਲੜੀ ਨੰਬਰ 13 ਮਿਤੀ 28.06.2017 'ਚ ਇਹ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਬੰਧਿਤ ਤਿੰਨ ਸਰਾਵਾਂ ਨੇ 18.7.2022 ਤੋਂ ਜੀਐੱਸਟੀ ਦਾ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਤਿੰਨ ਸਰਾਵਾਂ ਹਨ:
1. ਗੁਰੂ ਗੋਬਿੰਦ ਸਿੰਘ ਐੱਨਆਰਆਈ ਨਿਵਾਸ
2. ਬਾਬਾ ਦੀਪ ਸਿੰਘ ਨਿਵਾਸ
3. ਮਾਤਾ ਭਾਗ ਕੌਰ ਨਿਵਾਸ।
ਕੇਂਦਰੀ ਆਬਕਾਰੀ ਅਤੇ ਕਸਟਮ ਬੋਰਡ ਨੇ ਇਸ ਸਬੰਧੀ ਇਹ ਸਪਸ਼ਟ ਕੀਤਾ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਸਰਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਾਵਾਂ ਨੇ ਆਪਣੇ ਆਪ ਜੀਐੱਸਟੀ ਦਾ ਭੁਗਤਾਨ ਕਰਨ ਦਾ ਵਿਕਲਪ ਚੁਣਿਆ ਹੋ ਸਕਦਾ ਹੈ।
ਉਪਰੋਕਤ ਨੋਟੀਫਿਕੇਸ਼ਨ ਦੇ ਸੰਦਰਭ ਵਿੱਚ ਕਿਸੇ ਧਾਰਮਿਕ ਸਥਾਨ ਦੀ ਹੱਦ ਅੰਦਰ, ਇੱਕ ਸਰਾਂ ਨੂੰ ਸ਼ਾਮਲ ਕਰਨ ਲਈ ਵਿਆਪਕ ਅਰਥ ਦਿੱਤਾ ਜਾਣਾ ਚਾਹੀਦਾ ਹੈ, ਭਾਵੇਂ ਇਹ ਕਿਸੇ ਧਾਰਮਿਕ ਸਥਾਨ ਦੇ ਕੰਪਲੈਕਸ ਦੀ ਚਾਰਦੀਵਾਰੀ ਦੇ ਬਾਹਰ, ਆਸ-ਪਾਸ ਦੇ ਖੇਤਰ ਵਿੱਚ ਸਥਿਤ ਹੋਵੇ ਅਤੇ ਉਸੇ ਟ੍ਰਸਟ/ ਮੈਨੇਜਮੈਂਟ ਦੁਆਰਾ ਪ੍ਰਬੰਧਿਤ ਕੀਤੀ ਜਾਂਦੀ ਹੋਵੇ। ਇਹ ਵਿਚਾਰ ਕੇਂਦਰ ਦੁਆਰਾ ਜੀਐੱਸਟੀ ਤੋਂ ਪਹਿਲਾਂ ਦੇ ਕਾਰਜਕਾਲ ਵਿੱਚ ਵੀ ਲਗਾਤਾਰ ਲਿਆ ਜਾਂਦਾ ਰਿਹਾ ਹੈ। ਰਾਜ ਦੇ ਟੈਕਸ ਅਧਿਕਾਰੀ ਵੀ ਆਪਣੇ ਅਧਿਕਾਰ ਖੇਤਰ ਵਿੱਚ ਅਜਿਹਾ ਹੀ ਵਿਚਾਰ ਰੱਖ ਸਕਦੇ ਹਨ। ਇਸ ਲਈ ਐੱਸਜੀਪੀਸੀ ਦੁਆਰਾ ਪ੍ਰਬੰਧਿਤ ਇਹ ਸਰਾਵਾਂ ਆਪਣੇ ਕਮਰਿਆਂ ਨੂੰ ਕਿਰਾਏ ‘ਤੇ ਦੇਣ ਦੇ ਸਬੰਧ ਵਿੱਚ ਉਪਰੋਕਤ ਦਿੱਤੀਆਂ ਛੂਟਾਂ ਦਾ ਲਾਭ ਲੈ ਸਕਦੀਆਂ ਹਨ।
-PTC News