ਪੈਰੋਲ 'ਤੇ ਬਾਹਰ ਡੇਰਾ ਮੁਖੀ ਦਾ ਐਲਾਨ, ਪੰਜਾਬ ਦੇ ਸੁਨਾਮ 'ਚ ਬਣੇਗਾ ਸੱਚਾ ਸੌਦਾ ਦਾ ਨਵਾਂ ਡੇਰਾ

By  Jasmeet Singh October 21st 2022 02:02 PM -- Updated: October 21st 2022 08:21 PM

ਬਾਘਪਤ (ਉੱਤਰ ਪ੍ਰਦੇਸ਼), 21 ਅਕਤੂਬਰ: 40 ਦਿਨਾਂ ਲਈ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਆਏ ਹੋਏ ਡੇਰਾ ਮੁਖੀ ਰਾਮ ਰਹੀਮ ਨੇ ਉੱਤਰ ਪ੍ਰਦੇਸ਼ ਦੇ ਬਾਘਪਤ ਤੋਂ ਇੱਕ ਵਰਚੂਅਲ ਕਾਨਫ਼ਰੰਸ ਦੌਰਾਨ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦੀ ਸੰਗਤ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉੱਥੇ ਦੇ ਡੇਰਾ ਪ੍ਰੇਮੀਆਂ ਨੇ ਰਾਮ ਰਹੀਮ ਦੇ ਸਾਹਮਣੇ ਸੁਨਾਮ ਨਾਮ ਚਰਚਾ ਘਰ ਨੂੰ ਡੇਰੇ ਵਿੱਚ ਤਬਦੀਲ ਕਰਨ ਦੀ ਇੱਛਾ ਜਤਾਈ ਹੈ। ਇਸ 'ਤੇ ਰਾਮ ਰਹੀਮ ਨੇ ਹਾਮੀ ਭਰੀ ਅਤੇ ਐਡਮਿਨ ਬਲਾਕ ਦੇ ਜ਼ਿੰਮੇਵਾਰਾਂ ਨੂੰ ਇਸ ਬਾਬਤ ਹੁਕਮ ਜਾਰੀ ਕਰ ਦਿੱਤੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਰਾਮ ਰਹੀਮ ਨੇ ਪ੍ਰੇਮੀਆਂ ਨੂੰ ਪੁੱਛਿਆ ਕਿ ਕੀ ਡੇਰਾ ਬਣਾਉਣ ਦੀ ਜਗ੍ਹਾ ਹੈ? ਪ੍ਰੇਮੀਆਂ ਨੇ ਕਿਹਾ ਕਿ ਉਹ ਨਾਮ ਚਰਚਾ ਘਰ ਦੇ ਆਲੇ-ਦੁਆਲੇ ਜ਼ਮੀਨ ਖ਼ਰੀਦਣਗੇ। ਰਾਮ ਰਹੀਮ ਨੇ ਇਹ ਗੱਲ ਮੰਨ ਲਈ। ਅਜਿਹੇ 'ਚ ਹੁਣ ਪੰਜਾਬ 'ਚ ਡੇਰੇ ਬਣਨਗੇ। ਇਸ ਦੌਰਾਨ ਪ੍ਰੇਮੀਆਂ ਨੇ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਰਾਮ ਰਹੀਮ ਨਾਲ ਮਿਲਵਾਇਆ। ਕਾਬਲੇਗੌਰ ਹੈ ਕਿ ਰਾਮ ਰਹੀਮ ਦਾ ਹੁਣ ਤੱਕ ਦਾ ਦੂਸਰਾ ਸਭ ਤੋਂ ਵੱਡਾ ਡੇਰਾ ਪੰਜਾਬ ਦੇ ਬਠਿੰਡਾ ਦੇ ਸਲਾਬਤਪੁਰਾ ਵਿੱਚ ਸਥਿਤ ਹੈ। ਜੋ ਕਿ ਹਰਿਆਣਾ ਦੇ ਸਿਰਸਾ ਹੈੱਡਕੁਆਰਟਰ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਹੈ। ਦੱਸਣਯੋਗ ਹੈ ਕਿ ਇਸ ਵੇਲੇ ਪੰਜਾਬ ਵਿੱਚ 'ਆਪ' ਦੀ ਸਰਕਾਰ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਰਗਾੜੀ ਕਾਂਡ, ਮੌੜ ਮੰਡੀ ਬੰਬ ਧਮਾਕੇ ਵਿੱਚ ਕਈ ਡੇਰਾ ਪ੍ਰੇਮੀਆਂ ਖ਼ਿਲਾਫ਼ ਕੇਸ ਦਰਜ ਹਨ। ਬਰਗਾੜੀ ਕਾਂਡ ਵਿੱਚ ਰਾਮ ਰਹੀਮ ਤੋਂ ਲੈ ਕੇ ਡੇਰਾ ਪ੍ਰਬੰਧਕਾਂ ਤੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਪੁੱਛ-ਪੜਤਾਲ ਜਾਰੀ ਹੈ। ਕਾਬਲੇਗੌਰ ਹੈ ਕਿ ਐਸ.ਆਈ.ਟੀ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣਾ ਚਾਹੁੰਦੀ ਸੀ ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ 'ਤੇ ਰੋਕ ਲੱਗਾ ਦਿੱਤੀ। ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਡਾ ਐਲਾਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਸੁਨਾਰੀਆ ਜੇਲ੍ਹ ਵਿੱਚ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ। ਸਾਲ 2007 'ਚ ਰਾਮ ਰਹੀਮ ਨੇ ਡੇਰਾ ਸਲਾਬਤਪੁਰਾ ਵਿੱਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਾਇਆ ਸੀ, ਜਿਸ ਨੂੰ ਲੈ ਕੇ ਵੱਡਾ ਵਿਵਾਦ ਹੋਇਆ ਸੀ। ਉਦੋਂ ਤੋਂ ਹੀ ਡੇਰਾ ਪ੍ਰੇਮੀਆਂ ਅਤੇ ਸਿੱਖ ਭਾਈਚਾਰੇ ਵਿਚਾਲੇ ਵਿਵਾਦ ਚੱਲ ਰਿਹਾ ਹੈ। -PTC News

Related Post