ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ , ਬਠਿੰਡਾ ਅਤੇ ਮਾਨਸਾ 'ਚ ਅੱਜ ਸਵੇਰੇ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ

By  Shanker Badra May 8th 2020 02:05 PM

ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ , ਬਠਿੰਡਾ ਅਤੇ ਮਾਨਸਾ 'ਚ ਅੱਜ ਸਵੇਰੇ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਸੂਬੇ 'ਚ ਸ਼ੁੱਕਰਵਾਰ ਸਵੇਰੇ ਵੱਖ-ਵੱਖ ਜ਼ਿਲ੍ਹਿਆਂ ਤੋਂ 25 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਅਨੁਸਾਰ ਨਵਾਂਸ਼ਹਿਰ 'ਚ 18, ਫ਼ਤਿਹਗੜ੍ਹ ਸਾਹਿਬ 'ਚ 4, ਬਠਿੰਡਾ 'ਚ 2 ਤੇ ਮਾਨਸਾ 'ਚ 1 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਪੰਜਾਬ ਦੇ ਜਿਲ੍ਹਾ ਨਵਾਂਸ਼ਹਿਰ ਵਿੱਚ ਕੋਰੋਨਾ ਇਕ ਵਾਰ ਤਾਂ ਖਤਮ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਸੀ ਪਰ ਬੀਤੀ ਰਾਤ ਕੋਰੋਨਾ ਵਾਇਰਸ ਨੇ ਮੁੜ ਦਸਤਕ ਦਿੱਤੀ ਹੈ। ਜਿੱਥੇ 18 ਮਰੀਜ਼ ਦੇਰ ਰਾਤ ਆਈ ਰਿਪੋਰਟ ਅਨੁਸਾਰ ਪਾਜ਼ੀਟਿਵ ਪਾਏ ਗਏ ਹਨ। ਸਿਵਲ ਸਰਜਨ ਡਾਕਟਰ ਆਰ.ਪੀ.ਭਾਟੀਆ ਅਨੁਸਾਰ ਇਨ੍ਹਾਂ ਚ 10 ਮਰੀਜ਼ ਮਹਾਰਾਸ਼ਟਰ ਤੋਂ ਆਏ ਸਨ,ਜਿਨ੍ਹਾਂ ਚੋਂ 8 ਰੈਲਮਾਜਰਾ ਅਤੇ 2 ਬਹਿਰਾਮ ਵਿਖੇ ਪਹਿਲਾਂ ਤੋਂ ਇਕਾਂਤਵਾਸ ਹਨ। ਇਸ ਤੋਂ ਇਲਾਵਾ 8 ਮਰੀਜ਼ ਵੱਖ -ਵੱਖ ਪਿੰਡਾਂ ਦੇ ਨਵੇਂ ਆਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਇਕਾਂਤਵਾਸ ਕੀਤਾ ਸੀ ਅਤੇ ਉਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਮਿਲਣ ਕਰ ਕੇ ਉਨ੍ਹਾਂ ਦੇ ਟੈਸਟ ਲਏ ਗਏ ਸਨ। ਇਨ੍ਹਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਈਸੋਲੇਸ਼ਨ ਵਾਰਡ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 85 ਹੋ ਗਈ ਹੈ। ਫਤਿਹਗੜ੍ਹ ਸਾਹਿਬ 'ਚ 4 ਹੋਰ ਕੋਰੋਨਾ ਦੇ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਕੋਰੋਨਾ ਪਾਜ਼ੀਟਿਵ ਜ਼ਿਲੇ ਦੇ ਖਮਾਣੋਂ, ਸਹਿਜਾਦਪੁਰ, ਕੋਟਲਾ ਤੇ ਬਹਿਰਾਮਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ, ਬਨੂੜ ਭੇਜਿਆ ਗਿਆ ਹੈ। ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ, ਜਿਨ੍ਹਾਂ 'ਚੋਂ 2 ਠੀਕ ਹੋ ਗਏ ਹਨ। ਮਾਨਸਾ ਜ਼ਿਲੇ ਤੋਂ ਪਿੰਡ ਬੁਰਜ ਰਾਠੀ ਵਿਖੇ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 19 ਸਾਲਾ ਸਲਮਾਨ ਖਾਨ ਬੀਤੇ ਦਿਨੀਂ ਮੋਗਾ ਤੋਂ ਆਇਆ ਸੀ, ਦੇ ਸੈਂਪਲ ਲਏ ਗਏ ਸਨ। ਉਹ ਘਰ ਵਿਚ ਇਕਾਂਤਵਾਸ 'ਚ ਰਹਿ ਰਿਹਾ ਸੀ। ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਕ ਇਸ ਪਿੰਡ ਵਿਚ ਮਰੀਜ਼ਾਂ ਦੀ ਗਿਣਤੀ 2 ਹੋ ਗਈ ਹੈ। ਬਠਿੰਡਾ ਜ਼ਿਲੇ ਵਿੱਚ ਬੀਤੀ ਦੇਰ ਰਾਤ 2 ਮਰੀਜ਼ਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਇਹ ਦੋਵੇਂ ਕੋਰੋਨਾ ਪੀੜਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਹਨ। ਜੈਸਲਮੇਰ ਤੋਂ ਪਰਤੇ ਵਿਅਕਤੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਉਹ ਪਹਿਲਾਂ ਤੋਂ ਹੀ ਇਕਾਂਤਵਾਸ ਕੇਂਦਰ ਵਿੱਚ ਰੱਖਿਆ ਹੋਇਆ ਸੀ। ਇਸੇ ਤਰਾਂ ਦੂਜਾ ਮਾਮਲਾ ਸ਼ਹਿਰ ਦੇ ਊਧਮ ਸਿੰਘ ਨਗਰ ਤੋਂ ਹੈ। ਇਸ ਤਰਾਂ ਬਠਿੰਡਾ ਜ਼ਿਲੇ ਵਿਚ ਹੁਣ ਤੱਕ 41 ਕੋਰੋਨਾ ਪਾਜ਼ੀਟਿਵ ਮਾਮਲੇ ਆ ਚੁੱਕੇ ਹਨ। ਇਸੇ ਤਰ੍ਹਾਂ ਮਾਛੀਵਾੜਾ ਵਿਚ ਇਕ ਕਿਸਾਨ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਸ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਉਸ ਨੂੰ ਸਾਹ ਲੈਣ ਵਿਚ ਤਕਲੀਫ ਸੀ। ਜਦੋਂ ਉਸ ਨੇ ਡਾਕਟਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਨੱਕ ਦੀ ਹੱਡੀ ਵਧ ਗਈ ਹੈ,ਜਿਸ ਕਾਰਨ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਕਿਸਾਨ ਆਪਣੇ ਨੱਕ ਦਾ ਆਪ੍ਰੇਸਨ ਕਰਵਾਉਣ ਲਈ ਹਸਪਤਾਲ ਵਿਖੇ ਪਹੁੰਚਿਆ, ਜਿਥੇ ਆਪ੍ਰੇਸ਼ਨ ਤੋਂ ਪਹਿਲਾਂ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। -PTCNews

Related Post