ਕੀ ਕਾਂਗਰਸ 'ਚ ਸ਼ਾਮਲ ਹੋਣਗੇ ਹਰਭਜਨ ਸਿੰਘ? ਸਿੱਧੂ ਨਾਲ ਤਸਵੀਰ ਨੇ ਛੇੜੀ ਚਰਚਾ

By  Riya Bawa December 15th 2021 05:45 PM -- Updated: December 15th 2021 05:58 PM

ਚੰਡੀਗੜ੍ਹ: ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦੇ ਸਿਆਸਤ ਵਿੱਚ ਆਉਣ ਬਾਰੇ ਮੁੜ ਚਰਚਾ ਛਿੜ ਗਈ ਹੈ। ਨਵਜੋਤ ਸਿੱਧੂ ਅਤੇ ਹਰਭਜਨ ਸਿੰਘ ਦੋਵੇਂ ਸਾਬਕਾ ਕ੍ਰਿਕਟਰ ਰਹੇ ਹਨ ਅਤੇ ਇਹ ਮੁਲਾਕਾਤ ਵੀ ਉਸ ਸਮੇਂ ਹੋਈ ਹੈ ਜਦੋਂ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ ਅਤੇ ਸਾਰੀਆਂ ਪਾਰਟੀਆਂ ਮਸ਼ਹੂਰ ਹਸਤੀਆਂ ਨੂੰ ਆਪਣੇ ਨਾਲ ਜੋੜਨ ਵਿਚ ਲੱਗੀਆਂ ਹੋਈਆਂ ਹਨ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟਰ ਹਰਭਜਨ ਸਿੰਘ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ 'ਤੇ ਇਸ ਮਿਲਣੀ ਦੀ ਤਸਵੀਰ ਸਾਂਝੀ ਕਰਦਿਆਂ ਸਿੱਧੂ ਨੇ ਲਿਖਿਆ ਹੈ ਕਿ 'ਸੰਭਾਵਨਾਵਾਂ ਨਾਲ ਭਰੀ ਤਸਵੀਰ, ਸ਼ਾਈਨਿੰਗ ਸਟਾਰ ਹਰਭਜਨ ਸਿੰਘ ਦੇ ਨਾਲ।' ਫਿਲਹਾਲ ਇਹ ਸੰਭਾਵਨਾਵਾਂ ਕਿਹੜੀਆਂ ਹਨ, ਇਸ ਦਾ ਪਤਾ ਆਉਣ ਵਾਲੇ ਦਿਨਾਂ ਵਿਚ ਲੱਗੇਗਾ ਪਰ ਇਸ ਮੁਲਾਕਾਤ ਤੋਂ ਬਾਅਦ ਹਰਭਜਨ ਸਿੰਘ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਚਰਚਾਵਾਂ ਜ਼ਰੂਰ ਛਿੜ ਗਈਆਂ ਹਨ। ਦਰਅਸਲ ਪਿਛਲੀ ਦਿਨੀਂ ਚਰਚਾ ਛਿੜੀ ਸੀ ਕਿ ਕ੍ਰਿਕਟਰ ਹਰਭਜਨ ਸਿੰਘ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਸੋਸ਼ਲ ਮੀਡੀਆ 'ਤੇ ਹਰਭਜਨ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲੀਆਂ ਸਨ, ਜਿਸ ਨੂੰ ਹਰਭਜਨ ਸਿੰਘ ਨੇ ਫੇਕ ਨਿਊਜ਼ ਕਰਾਰ ਦਿੱਤਾ ਸੀ। ਹਰਭਜਨ ਦੇ ਨਾਲ-ਨਾਲ ਕ੍ਰਿਕਟਰ ਯੁਵਰਾਜ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਵੀ ਚਰਚਾ ਸੀ। ਹਰਭਜਨ ਸਿੰਘ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ। ਸਾਲ 2017 ਵਿੱਚ ਵੀ ਹਰਭਜਨ ਸਿੰਘ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਜਲੰਧਰ ਤੋਂ ਚੋਣ ਲੜਨ ਦੀ ਚਰਚਾ ਸੀ। ਹਾਲਾਂਕਿ, ਅਜਿਹਾ ਕੁਝ ਨਹੀਂ ਹੋਇਆ। ਹਰਭਜਨ ਨੇ ਕਦੇ ਵੀ ਸਿਆਸੀ ਪਾਰੀ ਤੋਂ ਇਨਕਾਰ ਨਹੀਂ ਕੀਤਾ। ਅਜਿਹੇ 'ਚ ਅਕਸਰ ਹੀ ਉਨ੍ਹਾਂ ਦੇ ਸਿਆਸੀ ਦਲਾਂ 'ਚ ਸ਼ਾਮਲ ਹੋ ਕੇ ਚੋਣ ਲੜਨ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। -PTC News

Related Post