ਪਟਿਆਲਾ : ਭੋਲੇ-ਭਾਲੇ ਲੋਕਾਂ ਨੂੰ ਸ਼ਿਕਾਰ ਬਣਾਉਣ ਵਾਲੇ ਦੋ ਨੌਸਰਬਾਜ਼ਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇੰਸਪੈਕਟਰ ਹਰਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਦੀ ਅਗਵਾਈ ਵਿੱਚ ਸ਼ਰਾਰਤੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਣੇ ਨੌਸਰਬਾਜ਼ ਸ਼ਾਹਿਦ ਆਲਮ ਪੁੱਤਰ ਕਾਸਿਮ ਵਾਸੀ ਪਿੰਡ ਹੱਟਖੋਲਾ ਸਾਹਪੁਰ ਥਾਣਾ ਗਵਾਲ ਪੱਖਰ ਜ਼ਿਲ੍ਹਾ ਦੀਨਾਜਪੁਰ ਪੱਛਮੀ ਬੰਗਾਲ ਤੇ ਦੇਵਿੰਦਰ ਕੁਮਾਰ ਪੁੱਤਰ ਕਮਲ ਕੁਮਾਰ ਵਾਸੀ ਪਿੰਡ ਲੋਹਰ ਥਾਣਾ ਮਉਰਾਣੀਪੁਰ ਜ਼ਿਲ੍ਹਾ ਝਾਂਸੀ ਯੂਪੀ ਨੂੰ ਕਾਬੂ ਕੀਤਾ ਹੈ। ਇਹ ਨੌਸਰਬਾਜ਼ ਭੋਲੇ-ਭਾਲੇ ਲੋਕਾਂ ਨੂੰ ਡਾਲਰ ਦਿਖਾ ਕੇ ਫਿਰ ਹੁਸ਼ਿਆਰੀ ਨਾਲ ਡਾਲਰਾਂ ਦੀ ਬਜਾਏ ਅਖ਼ਬਾਰਾਂ ਦੇ ਟੁਕੜੇ ਦੇ ਕੇ ਠੱਗੀ ਮਾਰਦੇ ਸਨ। ਸਿਮਰਨਜੀਤ ਸਿੰਘ ਤੇ ਉਸ ਦੇ ਭਰਾ ਗੁਰਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਨੌਸਰਬਾਜ਼ਾਂ ਨੇ ਇਕ ਕੱਪੜੇ ਦੇ ਝੋਲੇ ਵਿੱਚ ਦੋ ਬੰਡਲ ਡਾਲਰਾਂ ਵਾਲੇ ਦਿਖਾਏ ਤੇ ਕਹਿਣ ਲੱਗੇ ਕਿ ਇਹ 20/20 ਅਮਰੀਕਨ ਡਾਲਰਾਂ ਦੇ 20000 ਨੋਟ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਦੀ ਕੀਮਤ ਦਾ ਪਤਾ ਨਹੀਂ ਹੈ। ਉਨ੍ਹਾਂ ਨੇ ਸਿਮਰਨਜੀਤ ਸਿੰਘ ਕੋਲੋਂ ਦੋ ਲੱਖ ਰੁਪਏ ਮੰਗੇ। ਸਿਮਰਨਜੀਤ ਸਿੰਘ ਤੇ ਉਸ ਦੇ ਭਰਾ ਨੇ ਪੈਸਿਆਂ ਦਾ ਪ੍ਰਬੰਧ ਕਰ ਕੇ ਦੋ ਲੱਖ ਰੁਪਏ ਨੌਸਰਬਾਜ਼ਾਂ ਨੂੰ ਦੇ ਦਿੱਤੇ ਤੇ ਮੁਲਜ਼ਮਾਂ ਨੇ ਚਲਾਕੀ ਨਾਲ ਪੀੜਤਾਂ ਨੂੰ ਦੂਜਾ ਝੋਲਾ ਫੜਾ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਖਿਸਕ ਗਏ। ਜਦੋਂ ਪੀੜਤਾਂ ਨੇ ਝੋਲਾ ਖੋਲ੍ਹ ਕੇ ਦੇਖਿਆ ਤਾਂ ਝੋਲੇ ਵਿੱਚ ਪੁਰਾਣੇ ਅਖਬਾਰ, ਕਾਗਜ਼ ਵਗੈਰਾ ਦੀ ਕਟਿੰਗ ਦੇ ਬੰਡਲ ਮਿਲੇ। ਠੱਗੀ ਹੋਣ ਦੇ ਅਹਿਸਾਸ ਤੋਂ ਬਾਅਦ ਸਿਮਰਨਜੀਤ ਸਿੰਘ ਤੇ ਗੁਰਜੀਤ ਸਿੰਘ ਨੇ ਥਾਣਾ ਸਿਟੀ ਰਾਜਪੁਰਾ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਸਾਹਿਲ ਆਲਮ ਅਤੇ ਦੇਵਿੰਦਰ ਕੁਮਾਰ ਤੋਂ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੀ ਨਿਸ਼ਾਨਦੇਹੀ ਉਤੇ ਠੱਗੀ ਦੇ ਪੈਸਿਆਂ ਵਿੱਚੋਂ 35000 ਰੁਪਏ ਬਰਾਮਦ ਕੀਤੇ ਗਏ ਹਨ। ਇਹ ਵੀ ਪੜ੍ਹੋ : ਗੋ-ਫਸਟ ਦੇ ਜਹਾਜ਼ ਦੀ ਵਿੰਡਸ਼ੀਲਡ ਤਿੜਕੀ, ਉਡਾਣ ਜੈਪੁਰ ਵੱਲ ਮੋੜੀ