ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਖਬਾਰ 'ਨੈਸ਼ਨਲ ਹੈਰਾਲਡ' ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ 'ਚ ਦੂਜੇ ਦੌਰ ਦੀ ਪੁੱਛਗਿੱਛ ਲਈ ਮੰਗਲਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਸਾਹਮਣੇ ਪੇਸ਼ ਹੋਈ। ਸੋਨੀਆ ਗਾਂਧੀ ਆਪਣੇ ਬੇਟੇ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਾਲ ਸਵੇਰੇ 11 ਵਜੇ ਮੱਧ ਦਿੱਲੀ ਦੇ ਏਪੀਜੇ ਅਬਦੁਲ ਕਲਾਮ ਰੋਡ 'ਤੇ ਇਲੈਕਟ੍ਰੀਸਿਟੀ ਲੇਨ ਸਥਿਤ ਫੈਡਰਲ ਏਜੰਸੀ ਦੇ ਦਫਤਰ ਪਹੁੰਚੀ।
ਰਾਹੁਲ ਨੂੰ ਪੁਲਿਸ ਨੇ ਕੀਤਾ ਹਿਰਾਸਤ 'ਚ:
ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਨੇ ਵਿਜੇ ਚੌਂਕ ਤੋਂ ਹਿਰਾਸਤ 'ਚ ਲਿਆ ਹੈ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਤੋਂ ਵਿਜੇ ਚੌਕ ਤੱਕ ਰੋਸ ਮਾਰਚ ਕੱਢਿਆ।ਸੋਨੀਆ ਗਾਂਧੀ (75) ਤੋਂ ਇਸ ਮਾਮਲੇ ਵਿੱਚ ਪਹਿਲੀ ਵਾਰ 21 ਜੁਲਾਈ ਨੂੰ ਦੋ ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਗਈ। ਫਿਰ ਉਸਨੇ ਏਜੰਸੀ ਦੇ 28 ਸਵਾਲਾਂ ਦੇ ਜਵਾਬ ਦਿੱਤੇ। ਈਡੀ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ, ਜੋ ਕਿ ਨੈਸ਼ਨਲ ਹੈਰਾਲਡ ਦੀ ਮਾਲਕ ਹੈ, ਜੋ ਕਿ ਕਾਂਗਰਸ ਦੁਆਰਾ ਪ੍ਰਚਾਰਿਤ ਅਖਬਾਰ ਹੈ। ਕਾਂਗਰਸ ਨੇ ਆਪਣੀ ਸਿਖਰਲੀ ਲੀਡਰਸ਼ਿਪ ਵਿਰੁੱਧ ਈਡੀ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ "ਸਿਆਸੀ ਬਦਲਾਖੋਰੀ" ਦੀ ਕਾਰਵਾਈ ਕਰਾਰ ਦਿੱਤਾ ਹੈ।
ਦੂਜੇ ਪਾਸੇ ਈਡੀ ਵੱਲੋਂ ਸੋਨੀਆ ਗਾਂਧੀ ਖ਼ਿਲਾਫ਼ ਕੀਤੀ ਕਾਰਵਾਈ ਦੇ ਵਿਰੋਧ ਵਿੱਚ ਅੱਜ ਕਾਂਗਰਸ ਸਮਰਥਕ ਦੇਸ਼ ਭਰ ਵਿੱਚ ਈਡੀ ਦਫ਼ਤਰਾਂ ਅੱਗੇ ਪ੍ਰਦਰਸ਼ਨ ਕਰ ਰਹੇ ਹਨ। ਕਾਂਗਰਸੀ ਵਰਕਰਾਂ ਦਾ ਸੱਤਿਆਗ੍ਰਹਿ ਜਾਰੀ ਹੈ। ਇਸ ਤੋਂ ਪਹਿਲਾਂ ਪ੍ਰਦਰਸ਼ਨਾਂ ਦੌਰਾਨ ਕਈ ਸੰਸਦ ਮੈਂਬਰਾਂ ਅਤੇ ਨੇਤਾਵਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਸ ਦੇ ਨਾਲ ਹੀ ਸੋਨੀਆ ਗਾਂਧੀ ਨੂੰ ਈਡੀ ਨੇ ਕੁਝ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ। ਦਿੱਲੀ ਪੁਲਿਸ ਨੇ ਕਾਂਗਰਸ ਵਰਕਰਾਂ ਨੂੰ ਰਾਜਘਾਟ 'ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇੱਥੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕਾਂਗਰਸ ਦਫ਼ਤਰ ਨੇੜੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਕਾਂਗਰਸ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਆਲ ਇੰਡੀਆ ਮਹਿਲਾ ਕਾਂਗਰਸ ਨੇ ਪਾਰਟੀ ਹੈੱਡਕੁਆਰਟਰ 'ਤੇ ਰੋਸ ਪ੍ਰਦਰਸ਼ਨ ਕੀਤਾ।
-PTC News