ਚੰਡੀਗੜ੍ਹ : ਮਨੀਮਾਜਰਾ 'ਚ ਕੰਮ ਤੋਂ ਪਰਤ ਰਹੇ ਨੌਜਵਾਨ ਦਾ ਲੋਹੇ ਦੇ ਪੰਚ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਮਨੀਮਾਜਰਾ ਦੇ ਰਹਿਣ ਵਾਲੇ ਸੂਰਜ ਵਜੋਂ ਹੋਈ ਹੈ ਜੋ ਕਿ ਨਿਗਮ 'ਚ ਸਵੀਪਰ ਦਾ ਕੰਮ ਕਰਦਾ ਸੀ, ਜਦਕਿ ਉਹ ਰਾਤ ਨੂੰ ਵੀ ਬੈਂਡ ਬਾਜਾ ਵਾਲਿਆਂ ਨਾਲ ਬੈਂਡ ਬਾਜਾ ਵਜਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ ਅਤੇ ਘਰ ਨੂੰ ਵਾਪਸ ਆ ਰਿਹਾ ਸੀ। ਸੀ.ਸੀ.ਟੀ.ਵੀ 'ਚ ਦੇਖਿਆ ਜਾ ਰਿਹਾ ਹੈ ਕਿ ਕੁਝ ਨੌਜਵਾਨ ਸੜਕ ਉਤੇ ਜਾ ਰਹੇ ਹਨ, ਜਿਨ੍ਹਾਂ 'ਚੋਂ ਇਕ ਮੁਲਜ਼ਮ ਨੌਜਵਾਨ ਦੂਜੇ ਪਾਸਿਓਂ ਆ ਰਹੇ ਨੌਜਵਾਨਾਂ 'ਤੇ ਚਾਕੂਨੁਮਾ (ਪੰਚ) ਹਥਿਆਰ ਨਾਲ ਹਮਲਾ ਕਰ ਦਿੰਦਾ ਹੈ ਅਤੇ ਜਦੋਂ ਨੌਜਵਾਨ ਡਿੱਗਦਾ ਹੈ ਤਾਂ ਉਸ 'ਤੇ ਲੱਤਾਂ ਨਾਲ ਹਮਲਾ ਕਰ ਦਿੰਦਾ ਹੈ। ਸੀਸੀਟੀਵੀ ਵਿੱਚ ਚਾਰ ਜਣੇ ਨਜ਼ਰ ਆ ਰਹੇ ਹਨ ਅਤੇ ਇਕ ਬਦਮਾਸ਼ ਅਚਾਨਕ ਨੌਜਵਾਨ ਉਤੇ ਹਮਲਾ ਕਰ ਦਿੰਦਾ ਹੈ। ਉਸ ਦੇ ਹੱਥ ਵਿੱਚ ਪੰਚ ਵਰਗੀ ਕੋਈ ਚੀਜ਼ ਨਜ਼ਰ ਰਹੀ ਹੈ। ਇਸ ਕਾਰਨ ਨੌਜਵਾਨ ਥੱਲੇ ਡਿੱਗ ਪੈਂਦਾ ਹੈ ਤਾਂ ਉਹ ਬਦਮਾਸ਼ ਉਸ ਦੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ ਤੇ ਫ਼ਰਾਰ ਹੋ ਜਾਂਦਾ ਹੈ। ਮਨੀਮਾਜਰਾ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਬਾਰੀਕੀ ਨਾਲ ਸੀਸੀਟੀਵੀ ਖੰਗਾਲ ਰਹੀ ਅਤੇ ਇਸ ਮਾਮਲੇ ਸਬੰਧੀ ਆਲੇ-ਦੁਆਲੇ ਲੋਕਾਂ ਤੋਂ ਪੁੱਛਗਿਛ ਕਰ ਰਹੀ ਹੈ। ਲੁੱਟਖੋਹ, ਹਮਲੇ, ਝਪਟਮਾਰੀ ਤੇ ਕਤਲ ਵਰਗੀਆਂ ਘਟਨਾਵਾਂ ਵਾਪਰਨ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ। ਲੋਕ ਪੁਲਿਸ ਪ੍ਰਸ਼ਾਸਨ ਤੋਂ ਗਲਤ ਅਨਸਰਾਂ ਉਪਰ ਸ਼ਿਕੰਜਾ ਕੱਸਣ ਦੀ ਅਪੀਲ ਕਰ ਰਹੇ ਹਨ। ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਾਫੀ ਸਾਬਿਤ ਨਹੀਂ ਹੋ ਰਹੀਆਂ ਹਨ। ਇਹ ਵੀ ਪੜ੍ਹੋ : ਪ੍ਰੇਮੀ ਨੇ ਪ੍ਰੇਮਿਕਾ ਦਾ ਕੀਤਾ ਕਤਲ, ਪੁੱਤਰ ਦੀ ਹਾਲਤ ਗੰਭੀਰ