ਕੈਨੇਡਾ 'ਚ ਪੰਜਾਬੀ ਲੜਕੇ ਦਾ ਕਤਲ: ਗਲਤਫਹਿਮੀ 'ਚ 16 ਸਾਲਾ ਕਰਨਵੀਰ ਦੀ ਮੌਤ
ਲੁਧਿਆਣਾ : ਕੈਨੇਡਾ ਦੇ ਐਡਿੰਟਨ ਵਿੱਚ 16 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦਾ ਵਿਦਿਆਰਥੀਆਂ ਦੇ ਇੱਕ ਸਮੂਹ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ ਕਰਨਵੀਰ ਨੂੰ ਇੱਕ ਹਫ਼ਤੇ ਤੱਕ ਐਡਿੰਟਨ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਕਰਨਵੀਰ 'ਤੇ ਕਾਤਲਾਨਾ ਹਮਲੇ ਵੇਲੇ ਉਸ ਦੇ ਪਿਤਾ ਸਤਨਾਮ ਸਿੰਘ ਪਿੰਡ ਬੱਸੀਆਂ ਆਏ ਹੋਏ ਸਨ। ਇਸ ਦਰਦਨਾਕ ਘਟਨਾ ਦਾ ਪਤਾ ਲੱਗਦੇ ਹੀ ਉਹ ਕੈਨੇਡਾ ਲਈ ਰਵਾਨਾ ਹੋ ਗਏ। ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਕਰਨਵੀਰ ਦਾ ਪਿਤਾ ਸਤਨਾਮ ਸਿੰਘ ਸਹੋਤਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਸੀਆਂ ਦਾ ਰਹਿਣ ਵਾਲਾ ਹੈ। ਸਹੋਤਾ ਪਰਿਵਾਰ 18 ਸਾਲ ਪਹਿਲਾਂ ਕੈਨੇਡਾ ਜਾ ਕੇ ਵਸਿਆ ਸੀ। ਬੱਸੀਆਂ ਵਿੱਚ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ ਹੈ। ਹੁਣ ਕਰਨਵੀਰ ਦੇ ਦਾਦਾ ਭਾਗ ਸਿੰਘ ਅਤੇ ਦਾਦੀ ਜਸਵਿੰਦਰ ਕੌਰ ਪਿੰਡ ਬਸੀਆਂ ਵਿੱਚ ਰਹਿੰਦੇ ਹਨ। ਭਾਗ ਸਿੰਘ ਅਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ ਕਰਨਵੀਰ 'ਤੇ ਪਿਛਲੇ ਹਫ਼ਤੇ ਸਕੂਲ ਵਿੱਚ ਹੀ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਇਹ ਹਮਲਾ ਪਛਾਣ ਨਾ ਹੋਣ ਕਾਰਨ ਕੀਤਾ ਗਿਆ ਤੇ ਗਲਤਫਹਿਮੀ ਦਾ ਸ਼ਿਕਾਰ ਹੋ ਗਿਆ ਹੈ। ਦਰਅਸਲ ਹਮਲਾਵਰ ਇਕ ਹੋਰ ਵਿਦਿਆਰਥੀ ਨੂੰ ਮਾਰਨ ਲਈ ਆਏ ਸਨ, ਜਿਸ ਦੀ ਦਿੱਖ ਉਸ ਦੇ ਪੋਤੇ ਕਰਨਵੀਰ ਨਾਲ ਮਿਲਦੀ-ਜੁਲਦੀ ਸੀ। ਹਮਲਾਵਰਾਂ ਵਿੱਚ ਭਾਰਤੀ ਮੂਲ ਦੇ 7 ਵਿਦਿਆਰਥੀ ਵੀ ਸਨ, ਜਿਨ੍ਹਾਂ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਉਨ੍ਹਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ। ਬੱਸੀਆਂ 'ਚ ਕਰਨਵੀਰ ਦੇ ਰਿਸ਼ਤੇਦਾਰ ਉਸ ਦੀ ਮੌਤ 'ਤੇ ਭੁੱਬਾਂ ਮਾਰ ਰੋਏ। ਉਨ੍ਹਾਂ ਦਾ ਕਹਿਣਾ ਸੀ ਕਿ ਕਾਤਲਾਂ ਦੀ ਗਲਤੀ ਨੇ ਉਨ੍ਹਾਂ ਦੇ ਘਰ ਦਾ ਇਕਲੌਤਾ ਚਿਰਾਗ ਬੁਝਾ ਦਿੱਤਾ। ਕਰਨਵੀਰ ਸਹੋਤਾ ਦਾ ਪਿਤਾ ਸਤਨਾਮ ਸਿੰਘ ਪਿੰਡ ਬੱਸੀਆਂ ਦਾ ਜੰਮਪਲ ਹੈ ਅਤੇ 2017-18 'ਚ ਕੈਨੇਡਾ ਗਿਆ ਸੀ, ਜਦਕਿ ਪਿੰਡ ਵਿਚ ਸਤਨਾਮ ਸਿੰਘ ਦਾ ਪਿਤਾ ਭਾਗ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਹੀ ਰਹਿੰਦੇ ਹਨ। ਮੁਲਜ਼ਮ ਵਿਦਿਆਰਥੀਆਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਮੰਨਿਆ ਹੈ ਕਿ ਉਨ੍ਹਾਂ ਦਾ ਕਰਨਵੀਰ ਨਾਲ ਕੋਈ ਝਗੜਾ ਨਹੀਂ ਸੀ। ਪਛਾਣ ਨਾ ਹੋਣ ਕਾਰਨ ਕਰਨਵੀਰ ਨਿਸ਼ਾਨਾ ਬਣ ਗਿਆ ਜਦੋਂਕਿ ਉਹ ਕਿਸੇ ਹੋਰ ਵਿਦਿਆਰਥੀ ਨੂੰ ਮਾਰਨ ਲਈ ਆਏ ਸਨ। ਦਾਦਾ ਭਾਗ ਸਿੰਘ ਅਤੇ ਦਾਦੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੋਤਰੇ ਕਰਨਵੀਰ ਦਾ ਜਨਮ ਕੈਨੇਡਾ ਵਿੱਚ ਹੀ ਹੋਇਆ ਹੈ। ਕਰਨਵੀਰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਬਹੁਤ ਅੱਗੇ ਸੀ। ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਕਰਨਵੀਰ ਬਹੁਤ ਹੀ ਸ਼ਾਂਤ ਸੁਭਾਅ ਦਾ ਸੀ। ਇਸ ਘਟਨਾ ਨੂੰ ਲੈ ਕੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਵੀ ਪੜ੍ਹੋ : ਗਰਮੀ ਦਾ ਕਹਿਰ ਜਾਰੀ, ਇਨ੍ਹਾਂ ਸ਼ਹਿਰਾਂ 'ਚ ਲੂ ਕਰੇਗੀ ਪਰੇਸ਼ਾਨ