ਲਾਹੌਲ ਸਪਿਤੀ 'ਚ ਆਏ ਹੜ੍ਹ ਕਾਰਨ 150 ਤੋਂ ਵੱਧ ਲੋਕ ਫਸੇ, ਬਚਾਅ ਕਾਰਜ ਜਾਰੀ
ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ 'ਚ ਹੜ੍ਹ ਕਾਰਨ 150 ਤੋਂ ਵੱਧ ਲੋਕ ਫਸੇ ਹੋਏ ਹਨ। ਲਾਹੌਲ-ਸਪਿਤੀ ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਡੀਈਓਸੀ) ਅਨੁਸਾਰ ਪ੍ਰਸ਼ਾਸਨ, ਪੁਲਿਸ ਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੇ ਮੁਲਾਜ਼ਮਾਂ ਦੀ ਇਕ ਬਚਾਅ ਟੀਮ ਮੌਕੇ ਉਤੇ ਪਹੁੰਚ ਗਈ ਹੈ। ਡੀਈਓਸੀ ਅਨੁਸਾਰ ਐਤਵਾਰ ਸਵੇਰੇ 11.15 ਵਜੇ ਦੇ ਕਰੀਬ ਦੋਰਨੀ ਨਾਲੇ ਵਿੱਚ ਆਏ ਹੜ੍ਹ ਕਾਰਨ ਲਾਹੌਲ ਉਪ ਮੰਡਲ ਵਿੱਚ ਛੱਤਰੂ ਤੇ ਦੋਰਨੀ ਮੋੜ ਨੇੜੇ 150 ਤੋਂ ਵੱਧ ਲੋਕ ਫਸ ਗਏ। ਵਿਭਾਗ ਨੇ ਕਿਹਾ ਕਿ ਕੇਲੋਂਗ ਸਬ ਡਿਵੀਜ਼ਨ ਦੇ ਨਾਇਬ ਤਹਿਸੀਲਦਾਰ, ਪੁਲਿਸ ਤੇ ਬੀਆਰਓ ਮੁਲਾਜ਼ਮਾਂ ਦੇ ਨਾਲ ਬਚਾਅ ਕਾਰਜ ਲਈ ਮੌਕੇ ਉਤੇ ਮੌਜੂਦ ਹਨ। ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਸੀ। ਪਿੰਡ ਦੇ ਦਰਜਨਾਂ ਘਰਾਂ ਤੇ ਕੈਂਪਿੰਗ ਸਾਈਟਾਂ ਨੂੰ ਨੁਕਸਾਨ ਪੁੱਜਿਆ। ਕੁੱਲੂ ਦੇ ਏਡੀਐਮ ਅਨੁਸਾਰ ਮਨੀਕਰਨ ਘਾਟੀ ਵਿੱਚ ਬੱਦਲ ਫਟ ਗਿਆ ਤੇ ਹੜ੍ਹ ਨੇ ਕੈਂਪਿੰਗ ਸਾਈਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਚੋਜ ਪਿੰਡ ਨੂੰ ਜਾਣ ਵਾਲਾ ਪੁਲ ਵੀ ਨੁਕਸਾਨਿਆ ਗਿਆ। ਦੇਸ਼ ਦੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਪਹਾੜੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਉੱਤਰੀ ਭਾਰਤ ਦੀਆਂ ਕਈ ਥਾਵਾਂ 'ਤੇ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਤੋਂ ਇਲਾਵਾ ਹਿਮਾਚਲ ਅਤੇ ਉਤਰਾਖੰਡ ਦੇ ਕੁਝ ਪਹਾੜੀ ਇਲਾਕਿਆਂ 'ਚ ਮੀਂਹ ਨੇ ਤਬਾਹੀ ਮਚਾਈ। ਕਿਤੇ ਢਿੱਗਾਂ ਡਿੱਗਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਉਥੇ ਹੀ ਨਦੀਆਂ 'ਚ ਆਏ ਹੜ੍ਹਾਂ ਕਾਰਨ ਫ਼ੌਜ ਦੀ ਮਦਦ ਲੈਣੀ ਪੈ ਰਹੀ ਹੈ। ਇਸ ਦੌਰਾਨ ਯੂਪੀ ਤੋਂ ਲੈ ਕੇ ਪੰਜਾਬ ਤੱਕ ਕਈ ਉੱਤਰੀ ਰਾਜਾਂ ਵਿੱਚ ਚੰਗੀ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 4 ਤੋਂ 5 ਦਿਨਾਂ ਦੌਰਾਨ ਉਨ੍ਹਾਂ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ, ਜੋ ਖੇਤੀਬਾੜੀ ਦੀ ਪੱਟੀ ਹੈ। ਇਸ ਦੇ ਨਾਲ ਹੀ ਅਗਲੇ 24 ਘੰਟਿਆਂ ਦੌਰਾਨ ਦੇਸ਼ ਦੇ ਕਈ ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਵੀ ਪੜ੍ਹੋ : ਮਕੌੜਾ ਪੱਤਣ 'ਤੇ ਪਾਣੀ ਦਾ ਪੱਧਰ ਵੱਧਣ 'ਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਲੋੜ