ਮੂਸੇਵਾਲਾ ਦੇ ਚਾਹੁਣ ਵਾਲੇ ਹੋਏ ਉਦਾਸ; ਨਹੀਂ ਰਿਲੀਜ਼ ਹੋ ਰਿਹਾ ਸਿੱਧੂ ਦਾ 'ਜਾਂਦੀ ਵਾਰ'

By  Jasmeet Singh August 29th 2022 07:23 PM -- Updated: August 29th 2022 07:33 PM

ਮਨੋਰੰਜਨ, 29 ਅਗਸਤ: ਮਿਊਜ਼ਿਕ ਕੰਪੋਜ਼ਰ ਸਲੀਮ ਮਰਚੈਂਟ ਨੇ ਬੀਤੇ ਦਿਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਟ੍ਰੈਕ 'ਜਾਂਦੀ ਵਾਰ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਇਹ ਗੀਤ ਜਿਸ ਨੂੰ ਗਾਇਕਾ ਅਫਸਾਨਾ ਖਾਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ, ਜੁਲਾਈ 2021 ਵਿੱਚ ਚੰਡੀਗੜ੍ਹ 'ਚ ਸਚਿਨ ਅਹੂਜਾ ਦੇ ਸਟੂਡੀਓ 'ਚ ਰਿਕਾਰਡ ਕੀਤਾ ਗਿਆ ਸੀ। ਪਹਿਲਾਂ ਇਹ ਗਾਣਾ ਅਗਾਮੀ 2 ਸਤੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਸਿੱਧੂ ਦੇ ਮਾਤਾ ਪਿਤਾ ਦੀ ਗੁਜ਼ਾਰਿਸ਼ 'ਤੇ ਇਸ ਗਾਣੇ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਸਲੀਮ ਨੇ ਇਹ ਵੀ ਐਲਾਨਿਆ ਸੀ ਕਿ ਸ਼ਰਧਾਂਜਲੀ ਵਜੋਂ ਇਕੱਠੀ ਹੋਈ ਆਮਦਨ ਦਾ ਇੱਕ ਹਿੱਸਾ ਮਰਹੂਮ ਗਾਇਕ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ। ਪਰ ਸਿੱਧੂ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹ ਫਿਲਹਾਲ ਆਪਣੇ ਬੇਟੇ ਲਈ ਇਨਸਾਫ ਦੀ ਲੜਾਈ 'ਚ ਲੱਗੇ ਹੋਏ ਹਨ। ਉਨ੍ਹਾਂ ਦਾ ਧਿਆਨ ਗੀਤ ਰਿਲੀਜ਼ ਕਰਨ 'ਤੇ ਨਹੀਂ ਹੈ। ਉਨ੍ਹਾਂ ਸਲੀਮ ਮਰਚੈਂਟ ਨੂੰ ਅਪੀਲ ਕੀਤੀ ਕਿ ਉਹ ਗੀਤ ਅਜੇ ਰਿਲੀਜ਼ ਨਾ ਕਰਨ। ਸਲੀਮ ਦਾ ਕਹਿਣਾ ਹੈ ਕਿ ਇਸ ਗੀਤ ਦਾ ਰਿਲੀਜ਼ ਸਿੱਧੂ ਦੇ ਮਾਤਾ ਪਿਤਾ ਦੇ ਆਸ਼ੀਰਵਾਦ ਤੋਂ ਬਿਨਾਂ ਅਧੂਰਾ ਹੋਵੇਗਾ। ਇਸ ਲਈ ਗੀਤ ਨੂੰ ਹੁਣ ਸਿੱਧੂ ਦੇ ਮਾਪਿਆਂ ਨਾਲ ਸਲਾਹ ਕਰਕੇ ਹੀ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਨੇ ਇਹ ਗੀਤ ਦਿਲੋਂ ਗਾਇਆ ਹੈ ਅਤੇ ਉਹ ਗੀਤ ਨੂੰ ਲੈ ਕੇ ਬਹੁਤ ਖੁਸ਼ ਅਤੇ ਉਤਸ਼ਾਹਿਤ ਸਨ। ਬੀਤੇ ਦਿਨ ਐਤਵਾਰ ਨੂੰ ਸਲੀਮ ਮਰਚੈਂਟ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਰਾਹੀਂ ਇਸ ਗੱਲ ਦਾ ਐਲਾਨ ਕੀਤਾ। ਇਸ ਦੌਰਾਨ ਸਲੀਮ ਨੇ ਮੂਸੇਵਾਲਾ ਨੂੰ ਯਾਦ ਕੀਤਾ ਤੇ ਦੱਸਿਆ ਕਿਵੇਂ ਉਹ ਅਫਸਾਨਾ ਖਾਨ ਦੇ ਜ਼ਰੀਏ ਸਿੱਧੂ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੇ ਮੂਸੇਵਾਲਾ ਨਾਲ ਕੰਮ ਕਰਨ ਦਾ ਫੈਸਲਾ ਕਿਉਂ ਕੀਤਾ ਸੀ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। ਮੂਸੇਵਾਲੇ ਦਾ 'SYL' ਗੀਤ ਉਸ ਦੇ ਕਤਲ ਤੋਂ ਬਾਅਦ ਆਇਆ। ਜਿਸ ਵਿੱਚ ਉਨ੍ਹਾਂ ਬੰਦੀ ਸਿੰਘਾਂ, ਐਸਵਾਈਐਲ ਨਹਿਰ ਸਮੇਤ ਕਈ ਵਿਵਾਦਤ ਮੁੱਦੇ ਉਠਾਏ ਸਨ। ਜਿਸ ਤੋਂ ਬਾਅਦ ਇਸ ਗੀਤ ਨੂੰ ਯੂਟਿਊਬ 'ਤੇ ਭਾਰਤ 'ਚ ਬੈਨ ਕਰ ਦਿੱਤਾ ਗਿਆ ਸੀ। ਇਹ ਵੀ ਪੜ੍ਹੋ: ਵਿਵਾਦਾਂ ‘ਚ ਘਿਰੀ ਪੰਜਾਬੀ ਗਾਇਕਾ ਜਸਵਿੰਦਰ ਬਰਾੜ, ਹੋ ਸਕਦੀ ਹੈ ਕਾਨੂੰਨੀ ਕਾਰਵਾਈ -PTC News

Related Post