ਨਵੀਂ ਦਿੱਲੀ : ਰੂਸ-ਯੂਕਰੇਨ ਜੰਗ, ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਤੇ ਪਾਕਿਸਤਾਨ ਵਿੱਚ ਸਿਆਸੀ ਉਤਾਰ-ਚੜਾਅ ਵਿਚਾਲੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਮੀਟਿੰਗ ਕਰਨਗੇ। ਦੋਵਾਂ ਨੇਤਾਵਾਂ ਵਿਚਾਲੇ ਇਹ ਮੀਟਿੰਗ ਵਰਚੂਅਲ ਹੋਵੇਗੀ। ਇਹ ਬੈਠਕ ਅੱਜ ਸ਼ਾਮ 7.30 ਤੋਂ 8 ਵਜੇ ਦੇ ਵਿਚਾਲੇ ਹੋ ਸਕਦੀ ਹੈ। ਇਸ ਤੋਂ ਪਹਿਲਾਂ ਦੋਹਾਂ ਨੇਤਾਵਾਂ ਦੀ ਕੁਆਡ ਲੀਡਰਾਂ ਦੀ ਮੀਟਿੰਗ ਦੌਰਾਨ ਮੁਲਾਕਾਤ ਹੋਈ ਸੀ। ਇਹ ਮੀਟਿੰਗ 2 ਪਲੱਸ 2 ਮਿਨਿਸਟ੍ਰੀਅਲ ਡਾਇਲਾਗ ਤੋਂ ਪਹਿਲਾਂ ਹੋਣੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਨੇਤਾਵਾਂ ਵਿਚਾਲੇ ਮੁਲਾਕਾਤ ਦੁਵੱਲੀ ਸਾਂਝੇਦਾਰੀ ਨੂੰ ਮਜ਼ਬੂਤ ਕਰੇਗੀ। ਦੋਵੇਂ ਨੇਤਾ ਦੱਖਣੀ ਏਸ਼ੀਆ ਵਿੱਚ ਹਾਲ ਹੀ ਦੇ ਘਟਨਾਕ੍ਰਮ ਤੇ ਸਾਂਝੇ ਹਿੱਤਾਂ ਦੇ ਵਿਸ਼ਵ ਵਿਕਾਸ ਬਾਰੇ ਚਰਚਾ ਕਰਨਗੇ। ਵ੍ਹਾਈਟ ਹਾਊਸ ਮੁਤਾਬਕ ਪੀਐੱਮ ਮੋਦੀ ਨਾਲ ਮੁਲਾਕਾਤ ਦੌਰਾਨ ਬਾਇਡੇਨ ਰੂਸ-ਯੂਕਰੇਨ ਜੰਗ ਦਾ ਮੁੱਦਾ ਵੀ ਚੁੱਕਣਗੇ। ਵ੍ਹਾਈਟ ਹਾਊਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਰੂਸ ਦੇ ਇਸ ਭਿਆਨਕ ਯੁੱਧ ਦੇ ਨਤੀਜਿਆਂ ਉਤੇ ਚਰਚਾ ਕੀਤੀ ਜਾਵੇਗੀ। ਇਸ ਯੁੱਧ ਕਾਰਨ ਗਲੋਬਲ ਫੂਡ ਸਪਲਾਈ ਉਤੇ ਪੈਣ ਵਾਲੇ ਪ੍ਰਭਾਵ ਉਪਰ ਵੀ ਚਰਚਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਰੂਸ ਤੇ ਯੂਕਰੇਨ ਵਿਚਾਲੇ ਭਾਰਤ ਦੇ ਰੁਖ ਉਤੇ ਅਮਰੀਕਾ ਪਹਿਲਾਂ ਹੀ ਇਤਰਾਜ਼ ਜ਼ਾਹਿਰ ਕਰ ਚੁੱਕਿਆ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲ ਆਪਣੇ ਸਬੰਧ ਹੱਦ ਵਿੱਚ ਰੱਖੇ। ਭਾਰਤ ਨੇ ਅਜੇ ਵੀ ਰੂਸ ਨਾਲ ਤੇਲ ਦਾ ਵਪਾਰ ਜਾਰੀ ਰੱਖਿਆ ਹੈ ਤੇ ਅਮਰੀਕਾ ਨੂੰ ਇਹ ਰੜਕ ਰਿਹਾ ਹੈ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਭਾਰਤ ਨੇ ਇਹ ਸਬੰਧ ਜਾਰੀ ਰੱਖੇ ਤਾਂ ਇਸ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਭਾਰਤ ਨੂੰ ਇਹ ਪ੍ਰਸਤਾਵ ਦਿੱਤਾ ਹੈ ਕਿ ਉਹ ਉਸ ਨੂੰ ਹਥਿਆਰ ਦੇਵੇਗਾ। ਇਹ ਸ਼ਰਤ ਵੀ ਰੱਖੀ ਗਈ ਹੈ ਕਿ ਭਾਰਤ ਨੂੰ ਰੂਸ ਤੋਂ ਹਥਿਆਰਾਂ ਉਤੇ ਨਿਰਭਰਤਾ ਘੱਟ ਕਰਨੀ ਪਵੇਗੀ। ਇਹ ਵੀ ਪੜ੍ਹੋ : ਪਿੰਡ ਬੱਗਾ 'ਚ ਖ਼ੂਨੀ ਝੜਪ, ਟਰੈਕਟਰਾਂ ਨੂੰ ਲਗਾਈ ਅੱਗ