ਨਵਾਂਸ਼ਹਿਰ : ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਦੇ ਬਿਲਕੁਲ ਨਾਲ ਲੱਗਦੇ ਪਿੰਡ ਸ਼ੇਰ ਸਿੰਘ ਵਾਲਾ ਦਾ ਨੌਜਵਾਨ ਜਸਵਿੰਦਰ ਸਿੰਘ ਉਮਰ 29 ਸਾਲ ਪਿਛਲੇ 7 ਸਾਲਾਂ ਤੋਂ ਘਰੋਂ ਲਾਪਤਾ ਸੀ। ਇਸ ਸਮੇਂ ਦੌਰਾਨ ਜਸਵਿੰਦਰ ਦੇ ਘਰਦਿਆਂ ਨੇ ਉਸਦੀ ਬਹੁਤ ਭਾਲ ਕੀਤੀ ਪਰ ਉਹ ਕਿਤੋਂ ਵੀ ਨਾ ਮਿਲਿਆ। ਜਸਵਿੰਦਰ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਫ਼ੌਜ ਦੀ ਭਰਤੀ ਦੀ ਪ੍ਰੈਕਟਿਸ ਕਰਨ ਲਈ ਰੋਜ਼ਾਨਾ ਦੌੜਦਾ ਹੁੰਦਾ ਸੀ ਅਤੇ 10 ਮਾਰਚ 2015 ਵਾਲੇ ਦਿਨ ਉਹ ਵਾਪਸ ਘਰ ਨਹੀਂ ਆਇਆ। ਪਰਿਵਾਰ ਵਾਲਿਆਂ ਨੇ ਉਸਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਅੱਜ ਉਸ ਵੇਲੇ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਥਾਣਾ ਸਾਦਿਕ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਸਵਿੰਦਰ ਸਿੰਘ ਬਿਲਕੁਲ ਠੀਕ ਹੈ ਅਤੇ ਉਹ ਖਟਕੜ ਕਲਾਂ ਵਿਖੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਲਈ ਲੱਗ ਰਹੇ ਟੈਂਟ ਵਿੱਚ ਬਤੌਰ ਮਜ਼ਦੂਰ ਕੰਮ ਕਰ ਰਿਹਾ ਸੀ ਤਾਂ ਓਥੇ ਦੇ ਪੁਲਿਸ ਕਰਮਚਾਰੀਆਂ ਨੇ ਸਕਿਓਰਿਟੀ ਮੰਤਵ ਲਈ ਸਮਾਰੋਹ ਦੀ ਤਿਆਰੀ ਵਿੱਚ ਲੱਗੇ ਸਾਰੇ ਕਾਮਿਆਂ ਦੇ ਪਛਾਣ ਪੱਤਰ ਮੰਗਣੇ ਸ਼ੁਰੂ ਕੀਤੇ ਤਾਂ ਜਸਵਿੰਦਰ ਸਿੰਘ ਕੋਲ ਆਪਣੀ ਪਹਿਚਾਣ ਦੱਸਣ ਵਾਲਾ ਕੋਈ ਕਾਗਜ਼ ਨਹੀਂ ਸੀ , ਉਸਨੇ ਜ਼ੁਬਾਨੀ ਹੀ ਆਪਣਾ ਨਾਮ ਅਤੇ ਘਰ ਦਾ ਪੂਰਾ ਪਤਾ ਸਬੰਧਤ ਅਧਿਕਾਰੀਆਂ ਨੂੰ ਲਿਖਵਾ ਦਿੱਤਾ। ਇਸ ਉਪਰੰਤ ਫਰੀਦਕੋਟ ਪੁਲਿਸ ਨੂੰ ਜਸਵਿੰਦਰ ਸਿੰਘ ਬਾਰੇ ਪੜਤਾਲ ਕਰਨ ਦਾ ਸੁਨੇਹਾ ਲੱਗਣ ਉਤੇ ਉਸਦੇ ਪਿੰਡ ਜਾ ਕੇ ਪਤਾ ਕੀਤਾ ਗਿਆ ਤਾਂ ਪਿੰਡ ਵਾਸੀਆਂ ਨੇ ਪੁਲਿਸ ਕਰਮਚਾਰੀਆਂ ਨੂੰ ਦੱਸਿਆ ਜਸਵਿੰਦਰ ਸਿੰਘ ਤਾਂ ਪਿਛਲੇ 7 ਸਾਲਾਂ ਤੋਂ ਲਾਪਤਾ ਹੈ ਪਰ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਜਸਵਿੰਦਰ ਸਿੰਘ ਬਿਲਕੁਲ ਠੀਕ ਹੈ ਤੇ ਉਹ ਖਟਕੜ ਕਲਾਂ ਵਿੱਚ ਕੰਮ ਕਰ ਰਿਹਾ ਹੈ। ਇਹ ਖ਼ਬਰ ਸੁਣ ਕੇ ਉਸਦੇ ਪਰਿਵਾਰ ਤੇ ਪਿੰਡ ਵਾਸੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪੂਰੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਸੀ ਤੇ ਦੇਰ ਰਾਤ ਜਸਵਿੰਦਰ ਸਿੰਘ ਆਪਣੇ ਘਰ ਵੀ ਲੈ ਆਉਂਦਾ ਗਿਆ। ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ ਲਖੀਮਪੁਰ ਖੀਰੀ ਮਾਮਲੇ 'ਚ ਯੂਪੀ ਸਰਕਾਰ ਨੂੰ ਨੋਟਿਸ