ਕੇਂਦਰ ਸਰਕਾਰ ਵੱਲੋਂ ਆਈਟੀ ਨਿਯਮਾਂ ਤਹਿਤ 10 ਯੂਟਿਊਬ ਚੈਨਲਾਂ ਦੇ 45 ਵੀਡੀਓਜ਼ ਬਲਾਕ

By  Jasmeet Singh September 26th 2022 06:45 PM -- Updated: September 26th 2022 06:49 PM

ਨਵੀਂ ਦਿੱਲੀ, 26 ਸਤੰਬਰ: ਖ਼ੁਫ਼ੀਆ ਏਜੰਸੀਆਂ (intelligence agencies) ਤੋਂ ਹਾਸਿਲ ਜਾਣਕਾਰੀ ਦੇ ਆਧਾਰ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (Ministry of Information & Broadcasting) ਨੇ ਯੂਟਿਊਬ (Youtube) ਕੰਪਨੀ ਨੂੰ 10 ਯੂਟਿਊਬ ਚੈਨਲਾਂ (Youtube Channels) ਦੇ 45 ਵੀਡੀਓਜ਼ ਨੂੰ ਬਲਾਕ (Block) ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸਬੰਧਿਤ ਵੀਡੀਓਜ਼ ਨੂੰ ਬਲਾਕ ਕਰਨ ਲਈ 23.09.2022 ਨੂੰ ਸੂਚਨਾ ਤਕਨਾਲੋਜੀ (ਵਿਚੋਲਗੀਰ ਦਿਸ਼ਾ-ਨਿਰਦੇਸ਼ਾਂ ਅਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ/Intermediary Guidelines and Digital Media Ethics Code) ਨਿਯਮਾਂ 2021 ਦੇ ਤਹਿਤ ਆਦੇਸ਼ ਜਾਰੀ ਕੀਤੇ ਗਏ ਸਨ। ਬਲਾਕ ਕੀਤੇ ਵੀਡੀਉਜ਼ ਨੂੰ 1 ਕਰੋੜ 30 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਸੀ। ਇਨ੍ਹਾਂ ਵੀਡੀਓਜ਼ ਰਾਹੀਂ ਧਾਰਮਿਕ ਭਾਈਚਾਰਿਆਂ 'ਚ ਨਫ਼ਰਤ ਫੈਲਾਉਣ ਦੇ ਇਰਾਦੇ ਨਾਲ ਜਾਅਲੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਉਦਾਹਰਨਾਂ ਵਿੱਚ ਝੂਠੇ ਦਾਅਵੇ ਸ਼ਾਮਲ ਹਨ ਜਿਵੇਂ ਕਿ ਸਰਕਾਰ ਨੇ ਕੁੱਝ ਭਾਈਚਾਰਿਆਂ ਦੇ ਧਾਰਮਿਕ ਅਧਿਕਾਰਾਂ ਨੂੰ ਖੋਹ ਲਿਆ ਹੈ, ਧਾਰਮਿਕ ਭਾਈਚਾਰਿਆਂ ਵਿਰੁੱਧ ਹਿੰਸਕ ਧਮਕੀਆਂ, ਭਾਰਤ ਵਿੱਚ ਘਰੇਲੂ ਯੁੱਧ ਦਾ ਐਲਾਨ, ਆਦਿ ਸ਼ਾਮਲ ਸਨ। ਜਾਰੀ ਬਿਆਨ ਮੁਤਾਬਿਕ ਅਜਿਹੇ ਵੀਡੀਓਜ਼ ਵਿੱਚ ਫ਼ਿਰਕੂ ਅਸਹਿਮਤੀ ਪੈਦਾ ਕਰਨ ਅਤੇ ਜਨਤਕ ਵਿਵਸਥਾ ਨੂੰ ਭੰਗ ਕਰਨ ਦੀ ਸੰਭਾਵਨਾ ਪਾਈ ਗਈ ਸੀ। ਮੰਤਰਾਲੇ ਦੁਆਰਾ ਬਲਾਕ ਕੀਤੇ ਗਏ ਕੁੱਝ ਵੀਡੀਓਜ਼ ਦੀ ਵਰਤੋਂ ਅਗਨੀਪੱਥ ਯੋਜਨਾ, ਭਾਰਤੀ ਹਥਿਆਰਬੰਦ ਬਲਾਂ, ਭਾਰਤ ਦੇ ਰਾਸ਼ਟਰੀ ਸੁਰੱਖਿਆ ਉਪਕਰਨ, ਕਸ਼ਮੀਰ ਸੁਰੱਖਿਆ ਅਤੇ ਵਿਦੇਸ਼ੀ ਰਾਜਾਂ ਨਾਲ ਭਾਰਤ ਦੇ ਦੋਸਤਾਨਾ ਸਬੰਧ ਆਦਿ ਨਾਲ ਸਬੰਧਿਤ ਮੁੱਦਿਆਂ 'ਤੇ ਗ਼ਲਤ ਜਾਣਕਾਰੀ ਫੈਲਾਉਣ ਲਈ ਕੀਤੀ ਜਾ ਰਹੀ ਸੀ। ਕੁੱਝ ਵੀਡੀਓਜ਼ ਨੇ ਭਾਰਤੀ ਖੇਤਰ ਤੋਂ ਬਾਹਰ ਜੰਮੂ-ਕਸ਼ਮੀਰ ਅਤੇ ਲੱਦਾਖ਼ ਦੇ ਕੁੱਝ ਹਿੱਸਿਆਂ ਦੇ ਨਾਲ ਭਾਰਤ ਦੀਆਂ ਬਾਹਰੀ ਸੀਮਾਵਾਂ ਨੂੰ ਗ਼ਲਤ ਦਰਸਾਇਆ ਸੀ। ਅਜਿਹੀ ਕਾਰਟੋਗ੍ਰਾਫਿਕ ਗ਼ਲਤ ਪੇਸ਼ਕਾਰੀ ਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਨੁਕਸਾਨਦੇਹ ਪਾਇਆ ਗਿਆ। ਮੰਤਰਾਲੇ ਦੁਆਰਾ ਬਲਾਕ ਕੀਤੀ ਗਈ ਸਮੱਗਰੀ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰਾਜ ਦੀ ਸੁਰੱਖਿਆ, ਵਿਦੇਸ਼ੀ ਰਾਜਾਂ ਨਾਲ ਭਾਰਤ ਦੇ ਦੋਸਤਾਨਾ ਸਬੰਧਾਂ ਅਤੇ ਦੇਸ਼ ਵਿੱਚ ਜਨਤਕ ਵਿਵਸਥਾ ਲਈ ਹਾਨੀਕਾਰਕ ਪਾਈ ਗਈ। ਇਸ ਅਨੁਸਾਰ ਸਮੱਗਰੀ ਨੂੰ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69ਏ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਗਿਆ ਸੀ। ਜਾਰੀ ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨੂੰ ਕਮਜ਼ੋਰ ਕਰਨ ਦੀਆਂ ਕਿਸੇ ਵੀ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਵਚਨਬੱਧ ਹੈ। -PTC News

Related Post