ਦੁੱਧ ਦੀ ਖਰੀਦ ਕੀਮਤ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਵਧਾਉਣ ਦਾ ਕੀਤਾ ਐਲਾਨ

By  Jasmeet Singh March 31st 2022 09:36 PM

ਚੰਡੀਗੜ੍ਹ, 31 ਮਾਰਚ 2022: ਪੰਜਾਬ ਦੇ ਸਹਿਕਾਰਤਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਡੇਅਰੀ ਕਾਰੋਬਾਰ ਨਾਲ ਜੁੜੇ ਕਿਸਾਨਾਂ ਲਈ ਖੁਸ਼ਖਬਰੀ ਦਾ ਐਲਾਨ ਕੀਤਾ ਹੈ। 1 ਅਪ੍ਰੈਲ 2022 ਤੋਂ ਦੁੱਧ ਖਰੀਦਣ ਦੀ ਕੀਮਤ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ ਹੈ। ਇਹ ਵੀ ਪੜ੍ਹੋ: ਹੁਣ ਤੋਂ 14 ਅਪ੍ਰੈਲ ਨੂੰ ਅਮਰੀਕਾ ਵਿਚ ਮਨਾਇਆ ਜਾਵੇਗਾ 'ਕੌਮੀ ਸਿੱਖ ਦਿਹਾੜਾ' ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਹੋਏ ਵਾਧੇ ਦੇ ਨਾਲ-ਨਾਲ ਪਸ਼ੂ ਖੁਰਾਕ 'ਚ ਵਰਤੇ ਜਾਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਦੁੱਧ ਉਤਪਾਦਕਾਂ ਦਾ ਮੁਨਾਫਾ ਘਟ ਰਿਹਾ ਹੈ | ਜਿਸ ਦੇ ਚੱਲਦਿਆਂ ਮਿਲਕਫੈੱਡ ਨੇ ਇਸ ਨਾਲ ਜੁੜੇ ਢਾਈ ਲੱਖ ਦੁੱਧ ਉਤਪਾਦਕਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਦੁੱਧ ਦੀ ਕੀਮਤ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮਿਲਕਫੈੱਡ ਨੇ 1 ਮਾਰਚ 2022 ਨੂੰ ਦੁੱਧ ਦੀ ਖਰੀਦ ਦੇ ਰੇਟ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਸੀ। ਸਹਿਕਾਰਤਾ ਮੰਤਰੀ ਨੇ ਸਮੂਹ ਦੁੱਧ ਉਤਪਾਦਕਾਂ ਨੂੰ ਵੇਰਕਾ ਦੀਆਂ ਪਿੰਡ ਪੱਧਰੀ ਦੁੱਧ ਸਹਿਕਾਰੀ ਸਭਾਵਾਂ ਨਾਲ ਜੁੜਨ ਅਤੇ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ​​ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਫੈਸਲੇ ਬਾਰੇ ਵਧੀਕ ਮੁੱਖ ਸਕੱਤਰ ਸਹਿਕਾਰਤਾ ਅਨੁਰਾਗ ਅਗਰਵਾਲ ਨੇ ਕਿਹਾ ਕਿ ਮਿਲਕਫੈੱਡ ਨੇ ਹਮੇਸ਼ਾ ਹੀ ਡੇਅਰੀ ਕਾਰੋਬਾਰ ਨਾਲ ਜੁੜੇ ਕਿਸਾਨਾਂ ਦੀ ਬਾਂਹ ਫੜੀ ਹੈ। ਖਾਸ ਕਰਕੇ ਕੋਵਿਡ ਮਹਾਂਮਾਰੀ ਦੇ ਸਮੇਂ ਜਦੋਂ ਨਿੱਜੀ ਖਰੀਦਦਾਰਾਂ ਨੇ ਦੁੱਧ ਖਰੀਦਣਾ ਬੰਦ ਕਰ ਦਿੱਤਾ ਅਤੇ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ, ਮਿਲਕਫੈੱਡ ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਨਾ ਸਿਰਫ ਸਾਰਾ ਦੁੱਧ ਖਰੀਦਿਆ ਬਲਕਿ ਦੁੱਧ ਦੀ ਖਰੀਦ ਕੀਮਤ ਵੀ ਨਹੀਂ ਘਟਾਈ। ਉਨ੍ਹਾਂ ਕਿਹਾ ਕਿ ਮਿਲਕਫੈੱਡ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਦੁੱਧ ਉਤਪਾਦਕਾਂ ਦਾ ਉਤਪਾਦਨ ਵਧਾਇਆ ਜਾਵੇ ਅਤੇ ਚੰਗੀ ਗੁਣਵੱਤਾ ਵਾਲਾ ਦੁੱਧ ਪੈਦਾ ਕੀਤਾ ਜਾਵੇ, ਤਾਂ ਜੋ ਖਪਤਕਾਰ ਨੂੰ ਵੀ ਮਿਆਰੀ ਵੇਰਕਾ ਦੁੱਧ ਮਿਲ ਸਕੇ। ਇਸ ਮੌਕੇ ਰਜਿਸਟਰਾਰ ਸਹਿਕਾਰੀ ਸਭਾਵਾਂ ਅਰੁਣ ਸੇਖੜੀ ਨੇ ਕਿਹਾ ਕਿ ਦੁੱਧ ਦੀ ਕੀਮਤ ਵਧਾਉਣ ਨਾਲ ਨਾ ਸਿਰਫ਼ ਮੌਜੂਦਾ ਦੁੱਧ ਉਤਪਾਦਕਾਂ ਨੂੰ ਫਾਇਦਾ ਹੋਵੇਗਾ ਸਗੋਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਵੀ ਇਸ ਧੰਦੇ ਨੂੰ ਅਪਣਾ ਲੈਣਗੇ। ਇਹ ਵੀ ਪੜ੍ਹੋ: ਪੈਟਰੋਲ, ਡੀਜ਼ਲ ਅਤੇ ਟੋਲ ਤੋਂ ਬਾਅਦ ਹੁਣ ਸੀਐਨਜੀ ਅਤੇ ਰਸੋਈ ਗੈਸ ਵੀ ਮਹਿੰਗੀ ਹੋਈ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਵੇਰਕਾ ਹਮੇਸ਼ਾ ਹੀ ਆਪਣੇ ਦੁੱਧ ਉਤਪਾਦਕ ਕਿਸਾਨਾਂ ਨੂੰ ਵਧੀਆ ਗੁਣਵੱਤਾ ਵਾਲਾ ਦੁੱਧ ਪੈਦਾ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਕਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਮਿਲਕਫੈੱਡ ਵੱਲੋਂ ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਗੁਆਂਢੀ ਰਾਜਾਂ ਨਾਲੋਂ ਵੱਧ ਭਾਅ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਆਪਣੇ ਖਪਤਕਾਰਾਂ ਨੂੰ ਲਗਾਤਾਰ ਵਧੀਆ ਗੁਣਵੱਤਾ ਵਾਲੇ ਦੁੱਧ ਉਤਪਾਦ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। -PTC News

Related Post