ਮੀਤ ਹੇਅਰ ਵੱਲੋਂ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਮੁਹਾਲੀ ਨੂੰ ਬਾਹਰ ਕਰਨ ਦੀ ਕਰੜੀ ਨਿਖੇਧੀ
Punjab News: ਇਸ ਸਾਲ ਅਕਤੂਬਰ-ਨਵੰਬਰ ਮਹੀਨੇ ਭਾਰਤ ਵਿੱਚ ਹੋਣ ਵਾਲੇ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ-2023 ਦੇ ਅੱਜ ਜਾਰੀ ਹੋਏ ਸ਼ਡਿਊਲ ਵਿੱਚ ਮੇਜ਼ਬਾਨੀ ਵਾਲੇ ਸ਼ਹਿਰਾਂ ਦੀ ਸੂਚੀ ਵਿੱਚੋਂ ਮੁਹਾਲੀ ਨੂੰ ਬਾਹਰ ਰੱਖਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਫ਼ੈਸਲੇ ਨੂੰ ਰਾਜਸੀ ਕਾਰਨਾਂ ਤੋਂ ਪ੍ਰੇਰਿਤ ਦੱਸਿਆ ਹੈ।
ਮੀਤ ਹੇਅਰ ਨੇ ਕਿਹਾ ਕਿ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਤੋਂ ਬਾਹਰ ਰੱਖਣਾ ਪੰਜਾਬ ਨਾਲ ਖੁੱਲ੍ਹੇਆਮ ਵਿਤਕਰੇਬਾਜ਼ੀ ਹੈ ਕਿਉਂਕਿ ਪੀਸੀਏ ਸਟੇਡੀਅਮ ਮੁਹਾਲੀ ਦੇ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤ ਵਿੱਚ ਵਿਸ਼ਵ ਕੱਪ ਹੋ ਰਿਹਾ ਹੈ ਅਤੇ ਮੁਹਾਲੀ ਵਿਖੇ ਕੋਈ ਮੈਚ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 1996 ਅਤੇ 2011 ਵਿੱਚ ਮੁਹਾਲੀ ਵਿਖੇ ਵਿਸ਼ਵ ਕੱਪ ਦੇ ਸੈਮੀ ਫ਼ਾਈਨਲ ਖੇਡੇ ਗਏ ਜਦੋਂਕਿ ਇਸ ਵਾਰ ਇਕ ਲੀਗ ਮੈਚ ਦੀ ਵੀ ਮੇਜ਼ਬਾਨੀ ਨਹੀਂ ਮਿਲੀ। ਅਹਿਮਦਾਬਾਦ ਨੂੰ ਉਦਘਾਟਨੀ ਤੇ ਫ਼ਾਈਨਲ ਮੈਚ ਤੋਂ ਇਲਾਵਾ ਭਾਰਤ-ਪਾਕਿਸਤਾਨ ਮੈਚ ਦੀ ਮੇਜ਼ਬਾਨੀ ਵੀ ਮਿਲੀ ਹੈ।
Why this step treatment towards Punjab?
"The exclusion of Mohali from list of cities to host ICC Cricket World Cup-2023 is vehemently condemnable
This is due to political interference. @BhagwantMann govt will raise the issue with BCCI"
—@meet_hayer
Sports Minister, Punjab pic.twitter.com/eIIYCXyZ2Q — AAP Punjab (@AAPPunjab) June 27, 2023
ਮੀਤ ਹੇਅਰ ਨੇ ਕਿਹਾ ਕਿ ਪੀਸੀਏ ਸਟੇਡੀਅਮ ਮੁਹਾਲੀ ਨਾ ਸਿਰਫ ਭਾਰਤ ਦੇ ਪਹਿਲੇ ਪੰਜ ਸਟੇਡੀਅਮਾਂ ਵਿੱਚੋਂ ਇਕ ਹੈ ਬਲਕਿ ਦੁਨੀਆਂ ਦੇ ਚੋਣਵੇਂ ਸਟੇਡੀਅਮਾਂ ਦੀ ਸੂਚੀ ਵਿੱਚ ਆਉਂਦਾ ਹੈ। ਕ੍ਰਿਕਟ ਪ੍ਰੇਮੀਆਂ ਦੀ ਪਹਿਲੀ ਪਸੰਦ ਮੁਹਾਲੀ ਨੂੰ ਮੇਜ਼ਬਾਨ ਸੈਣੀ ਵਿੱਚ ਬਾਹਰ ਰੱਖਣਾ ਸਿਆਸਤ ਤੋਂ ਪ੍ਰੇਰਿਤ ਹੈ। ਪੰਜਾਬ ਨਾਲ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਸ ਵਿਤਕਰੇਬਾਜ਼ੀ ਦਾ ਮੁੱਦਾ ਬੀਸੀਸੀਆਈ ਕੋਲ ਉਠਾਵੇਗੀ।
ਖੇਡ ਮੰਤਰੀ ਨੇ ਕਿਹਾ ਕਿ ਮੁਹਾਲੀ ਵਿਖੇ ਜਿੱਥੇ ਕੌਮਾਂਤਰੀ ਹਵਾਈ ਅੱਡਾ ਹੈ ਉੱਥੇ ਸ਼ਹਿਰ ਵਿੱਚ ਬਿਹਤਰ ਬੁਨਿਆਦੀ ਢਾਂਚਾ ਅਤੇ ਟੀਮਾਂ ਦੇ ਰਹਿਣ ਲਈ ਲੋੜੀਂਦੇ ਹੋਟਲ ਵੀ ਹਨ।ਮੁਹਾਲੀ ਵਿਖੇ ਮੈਚ ਹੋਣ ਨਾਲ ਖੇਡ ਸੈਰ ਸਪਾਟਾ ਨੂੰ ਵੱਡਾ ਹੁਲਾਰਾ ਮਿਲਣਾ ਸੀ ਅਤੇ ਖੇਡਾਂ ਨਾਲ ਜੁੜੇ ਦੇਸ਼ ਵਿਦੇਸ਼ ਦੇ ਸੈਲਾਨੀਆਂ ਨੇ ਪੰਜਾਬ ਆਉਣਾ ਸੀ ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਨੂੰ ਹੋਰ ਵੀ ਹੁਲਾਰਾ ਮਿਲਣਾ ਸੀ।
- PTC NEWS