ਚੰਡੀਗੜ੍ਹ: ਪੰਜਾਬ ਵਿਚ ਸਿਆਸੀ ਘਮਸਾਨ ਨੂੰ ਲੈ ਕੇ ਇਕ ਨਵਾਂ ਅਧਿਆਏ ਸ਼ੁਰੂ ਹੋ ਗਿਆ ਹੈ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਬਸਪਾ 20 ਅਤੇ ਸ਼੍ਰੋਮਣੀ ਅਕਾਲੀ ਦਲ 97 ਸੀਟਾਂ 'ਤੇ 2022 ਦੀਆਂ ਚੋਣਾਂ ਲੜੇਗੀ। ਇਸ ਐਲਾਨ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਨੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।
ਪੜੋ ਹੋਰ ਖਬਰਾਂ: ਇਸ ਸੂਬੇ ਵਿਚ ਕੋਰੋਨਾ ਕਾਲ ‘ਚ ਅਨਾਥ ਹੋਏ ਬੱਚਿਆਂ ਦੇ ਪਾਲਣ-ਪੋਸ਼ਣ ਲਈ ਯੋਜਨਾ ਨੂੰ ਮਿਲੀ ਮਨਜ਼ੂਰੀ
ਮਾਇਆਵਤੀ ਨੇ ਆਪਣੇ ਪਹਿਲੇ ਟਵੀਟ ਵਿਚ ਲਿਖਿਆ ਕਿ ਪੰਜਾਬ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਐਲਾਨ ਗਠਜੋੜ ਇਕ ਨਵੀਂ ਸਿਆਸੀ ਤੇ ਸਾਮਾਜਕ ਪਹਿਲ ਹੈ, ਜੋ ਸਹੀ ਵਿਚ ਇੱਥੇ ਸੂਬੇ ਵਿਚ ਜਨਤਾ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਸ ਇਤਿਹਾਸਿਕ ਕਦਮ ਲਈ ਲੋਕਾਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ।
ਆਪਣੇ ਦੂਜੇ ਟਵੀਟ ਵਿਚ ਮਾਇਆਵਤੀ ਨੇ ਕਿਹਾ ਕਿ ਉਂਝ ਤਾਂ ਪੰਜਾਬ ਵਿਚ ਸਮਾਜ ਦਾ ਹਰ ਤਬਕਾ ਕਾਂਗਰਸ ਪਾਰਟੀ ਦੇ ਸ਼ਾਸਨ ਵਿਚ ਇਥੇ ਵਿਆਪਕ ਗਰੀਬੀ, ਭ੍ਰਿਸ਼ਟਾਚਾਰ ਅਤੇ ਬੇਰੋਜ਼ਗਾਰੀ ਆਦਿ ਨਾਲ ਜੂਝ ਰਿਹਾ ਹੈ, ਪਰ ਇਸ ਦੀ ਸਭ ਤੋਂ ਜ਼ਿਆਦਾ ਮਾਰ ਦਲਿਤਾਂ, ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਆਦਿ ਉੱਤੇ ਪੈ ਰਹੀ ਹੈ, ਜਿਸ ਤੋਂ ਮੁਕਤੀ ਪਾਉਣ ਲਈ ਆਪਣੇ ਇਸ ਗਠਜੋੜ ਨੂੰ ਕਾਮਯਾਬ ਬਣਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਕੁੱਲ ਜਨਤਾ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਅਕਾਲੀ ਦਲ ਅਤੇ ਬੀ.ਐੱਸ.ਪੀ. ਵਿਚਾਲੇ ਅੱਜ ਹੋਏ ਇਸ ਇਤਿਹਾਸਿਕ ਗਠਜੋੜ ਨੂੰ ਆਪਣਾ ਸਾਰਾ ਸਮਰਥਨ ਦਿੰਦੇ ਹੋਏ ਇੱਥੇ ਸੰਨ 2022 ਦੇ ਸ਼ੁਰੂ ਵਿਚ ਹੀ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਇਸ ਗਠਜੋੜ ਦੀ ਸਰਕਾਰ ਬਣਵਾਉਣ ਵਿਚ ਪੂਰੇ ਜੀਅ-ਜਾਨ ਨਾਲ ਹੁਣ ਤੋਂ ਹੀ ਜੁੱਟ ਜਾਓ।
-PTC News