ਲੁਧਿਆਣਾ ਰੇਲਵੇ ਸਟੇਸ਼ਨ ਬੰਦ, ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਸਮੇਤ 17 ਟ੍ਰੇਨਾਂ ਰੱਦ
ਲੁਧਿਆਣਾ, 18 ਜੂਨ: ਕੇਂਦਰ ਸਰਕਾਰ ਦੀ ਅਗਨੀਪੱਥ ਸਕੀਮ ਤਹਿਤ ਦੇਸ਼ ਭਰ ਵਿਚ ਨੌਜਵਾਨਾਂ ਦਾ ਵਿਰੋਧ ਜਾਰੀ ਹੈ। ਸ਼ਨਿੱਚਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਨੌਜਵਾਨ ਸੜਕਾਂ 'ਤੇ ਉਤਰ ਆਏ, ਜਿੱਥੇ ਜਲੰਧਰ 'ਚ ਨੌਜਵਾਨਾਂ ਵੱਲੋਂ ਪੀਏਪੀ ਚੌਂਕ ਜਾਮ ਕਰ ਦਿੱਤਾ ਗਿਆ, ਉੱਥੇ ਹੀ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵੀ ਨੌਜਵਾਨਾਂ ਨੇ ਖੂਬ ਹੰਗਾਮਾ ਕੀਤਾ।
ਇਹ ਵੀ ਪੜ੍ਹੋ: ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਭੈਣ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ
ਪ੍ਰਦਰਸ਼ਨਕਾਰੀ ਨੌਜਵਾਨ ਪਿਛਲੇ ਇੱਕ ਸਾਲ ਤੋਂ ਫੌਜ ਵਿੱਚ ਭਰਤੀ ਦੀ ਉਡੀਕ ਕਰ ਰਹੇ ਸਨ। ਪਰ ਅਗਨੀਪੱਥ ਸਕੀਮ ਦੇ ਆਉਣ ਤੋਂ ਬਾਅਦ ਉਨ੍ਹਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਚੁੱਕਿਆ ਹੈ।
ਲੁਧਿਆਣਾ ਵਿੱਖੇ ਨੌਜਵਾਨਾਂ ਦਾ ਇੱਕ ਵੱਡਾ ਜਮਾਵੜਾ ਜਗਰਾਉਂ ਪੁਲ ਰਾਹੀਂ ਜਿਵੇਂ ਹੀ ਰੇਲਵੇ ਸਟੇਸ਼ਨ ਪੁੱਜਿਆ ਤਾਂ ਸੀਆਰਪੀਐਫ ਨੇ ਲੁਧਿਆਣਾ ਰੇਲਵੇ ਸਟੇਸ਼ਨ ਬੰਦ ਕਰ ਦਿੱਤਾ ਹੈ। ਹਾਸਿਲ ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਦੇ ਬੰਦ ਹੋਣ ਨਾਲ ਸ਼ਤਾਬਦੀ ਸਮੇਤ 17 ਟ੍ਰੇਨਾਂ ਨੂੰ ਰੱਦ ਕਰਨਾ ਪਿਆ।
ਸਟੇਸ਼ਨ ਨੂੰ ਬੰਦ ਕਰਨ ਦਾ ਹੁਕਮ ਉਦੋਂ ਆਇਆ ਜਦੋਂ ਨੌਜਵਾਨਾਂ ਨੇ ਜਗਰਾਉਂ ਪੁਲ ’ਤੇ ਪਹਿਲਾਂ ਪੁਲਿਸ ਦੀ ਪਾਇਲਟ ਜਿਪਸੀ ਦੀ ਭੰਨਤੋੜ ਕੀਤੀ ਅਤੇ ਰੇਲਵੇ ਸਟੇਸ਼ਨ ਪੁੱਜ ਕੇ ਪਲੇਟਫਾਰਮ ਨੰਬਰ ਇੱਕ ਦੇ ਵੱਖ-ਵੱਖ ਦਫ਼ਤਰਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ।
ਇਸ ਦੇ ਨਾਲ ਹੀ ਟ੍ਰੈਕ 'ਚ ਰੁਕਾਵਟ ਪਾਉਣ ਲਈ ਟ੍ਰੈਕ 'ਤੇ ਪੱਥਰ ਵੀ ਸੁੱਟੇ ਗਏ ਅਤੇ ਦੁਖਨਿਵਾਰਨ ਸਾਹਿਬ ਗੁਰਦੁਆਰੇ ਵੱਲ ਨੂੰ ਟ੍ਰੈਕ 'ਤੇ ਭੱਜਦਿਆਂ ਉੱਥੋਂ ਦੀ ਫਰਾਰ ਹੋ ਗਏ।
ਇਸ ਦੌਰਾਨ ਰੇਲਵੇ ਦੇ ਮੁਲਾਜ਼ਮਾਂ ਨੂੰ ਕਾਫੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦਰਮਿਆਨ ਰੇਲਵੇ ਦੇ ਅਫਸਰਾਂ ਨੇ ਜਾਣਕਾਰੀ ਦਿੱਤੀ ਕਿ ਰੇਲਵੇ ਦੀ ਸੰਪਤੀ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ਹੀ ਨਹੀਂ ਸਗੋਂ ਰੇਲ ਗੱਡੀ ਦੇ ਇੰਜਣ ਦੀ ਵੀ ਭੰਨਤੋੜ ਕੀਤੀ ਗਈ।
ਇਹ ਵੀ ਪੜ੍ਹੋ: ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹੋਏ ਹਮਲੇ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਿੰਦਾ