ਤਲਵੰਡੀ ਸਾਬੋ, 26 ਸਤੰਬਰ: ਪੰਜਾਬ ਅੰਦਰ ਲੁਟੇਰੇ ਬੇਖ਼ੌਫ ਨਜ਼ਰ ਆ ਰਹੇ ਹਨ ਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਮਾਮਲਾ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਦਾ ਹੈ ਜਿੱਥੇ ਫ਼ੌਜ ਵਿੱਚ ਨੌਕਰੀ ਕਰਦੇ ਦੋ ਫ਼ੌਜੀ ਭਰਾਵਾਂ ਦੇ ਘਰ ਵਿੱਚ ਰਾਤ ਸਮੇਂ ਲੁੱਟ ਦੀ ਵਾਰਦਾਤ ਲਈ ਆਏ ਤਿੰਨ ਨਕਾਬਪੋਸ਼ਾਂ ਨੇ ਫ਼ੌਜੀਆਂ ਦੇ ਮਾਤਾ-ਪਿਤਾ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਮਾਮਲੇ ਦੀ ਤਲਵੰਡੀ ਸਾਬੋ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਭਰਤੀ ਇਨ੍ਹਾਂ ਬੇਬੇ-ਬਾਪੂ ਦੇ ਦੋ ਨੌਜਵਾਨ ਪੁੱਤਰ ਦੇਸ਼ ਦੀ ਰਾਖੀ ਲਈ ਸਰਹੱਦਾਂ 'ਤੇ ਫ਼ੌਜ ਦੀ ਨੌਕਰੀ ਕਰ ਰਹੇ ਹਨ। ਜਦੋਂ ਦੇਸ਼ ਦੀ ਰਾਖੀ ਕਰਨ ਵਾਲਿਆਂ ਦੇ ਪਰਿਵਾਰ ਹੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤਾਂ ਬਾਕੀ ਪਿੰਡ ਵਾਸੀਆਂ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ। ਦਰਅਸਲ ਬੀਤੀ ਰਾਤ ਪਿੰਡ ਲੇਲੇਵਾਲਾ ਤੋਂ ਦੋਵੇਂ ਬਜ਼ੁਰਗ ਪਤੀ-ਪਤਨੀ ਆਪਣੇ ਘਰ ਵਿੱਚ ਸੁੱਤੇ ਪਏ ਸਨ, ਜਦੋਂ ਰਾਤ ਪਤਨੀ ਦੀ ਜਾਗ ਖੁਲ੍ਹੀ ਤਾਂ ਉਸ ਨੇ ਵੇਖਿਆ ਕਿ ਘਰ ਦਾ ਇੱਕ ਕਮਰਾ ਖੁੱਲ੍ਹਾ ਪਿਆ। ਕਮਰੇ ਨੂੰ ਬੰਦ ਕਰਨ ਗਈ ਤਾਂ ਮੌਜੂਦ ਇੱਕ ਲੁਟੇਰੇ ਨੇ ਉਸ ਦਾ ਗੱਲ ਫੜ ਕੇ ਘੋਟਣਾ ਸ਼ੁਰੂ ਕਰ ਦਿੱਤਾ। ਰੌਲਾ ਪਾਉਣ 'ਤੇ ਫ਼ੌਜੀਆਂ ਦਾ ਪਿਤਾ ਜਾਗ ਪਿਆ ਅਤੇ ਨਕਾਬਪੋਸ਼ ਲੁਟੇਰਿਆਂ ਨਾਲ ਹੱਥੋਪਾਈ ਹੋ ਗਈ। ਲੁਟੇਰਿਆਂ ਨੇ ਫ਼ੌਜੀ ਦੇ ਪਿਤਾ ਅਮਰਜੀਤ ਸਿੰਘ ਦੇ ਸਿਰ ਵਿੱਚ ਸੱਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਦਕਿ ਬਿਰਧ ਮਾਤਾ ਰੌਲਾ ਪਾਉਂਦੀ ਰਹੀ, ਰੌਲਾ ਪੈਂਦਾ ਦੇਖ ਲੁਟੇਰੇ ਮੌਕੇ ਤੋਂ ਭੱਜ ਗਏ, ਦੋਹਾਂ ਪਤੀ-ਪਤਨੀ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਇਹ ਵੀ ਪੜ੍ਹੋ: ਸਬ ਇੰਸਪੈਕਟਰ ਦੀ ਗੱਡੀ 'ਚ ਬੰਬ ਲਾਉਣ ਵਾਲੇ ਯੁਵਰਾਜ ਕੋਲੋਂ ਦੋ ਪਿਸਤੌਲ, ਡੈਟੋਨੇਟਰ ਤੇ IED ਦਾ ਬਚਿਆ ਮਟੀਰੀਅਲ ਬਰਾਮਦ ਜ਼ਖਮੀਆਂ ਨੇ ਦੱਸਿਆ ਕਿ ਲੁਟੇਰੇ ਲੁੱਟਣ ਅਤੇ ਮਾਰਨ ਦੀ ਨੀਅਤ ਨਾਲ ਆਏ ਸਨ, ਉਨ੍ਹਾਂ ਹੁਣ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ ਹੈ। ਉੱਧਰ ਇਸ ਮਾਮਲੇ ਵਿੱਚ ਤਲਵੰਡੀ ਸਾਬੋ ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਤਲਵੰਡੀ ਸਾਬੋ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। -PTC News